
ਆਪ ਆਗੂ ਭਗਵੰਤ ਮਾਨ ਦਰਿਆਈ ਪਾਣੀਆਂ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ: ਸ਼ਰਮਾ
ਚੋਣਾਂ ਤੋਂ ਬਾਅਦ ਕੁਲਵੰਤ ਸਿੰਘ ਕਿਸੇ ਨੂੰ ਲੱਭਿਆਂ ਵੀ ਨਹੀਂ ਲੱਭਣਾ, ਸਿੱਧੂ ਲੋਕਾਂ ਦੇ ਦੁੱਖ-ਸੁੱਖ ਦਾ ਸਾਂਝੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਆਮ ਆਦਮੀ ਪਾਰਟੀ (ਆਪ) ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਭਗਵੰਤ ਮਾਨ ਨੂੰ ਪੰਜਾਬ ਦੇ ਦਰਿਆਈ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਉਤੇ ਆਪਣਾ ਸਟੈਂਡ ਸਾਫ ਕਰਨਾ ਚਾਹੀਦਾ ਹੈ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਹ ਗੱਲ ਕਿੰਨੀ ਵਾਰ ਆਖ ਚੁੱਕੇ ਹਨ ਕਿ ਪੰਜਾਬ ਵਿਚ ਆਪ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ’ਚੋਂ ਦਰਿਆਈ ਪਾਣੀ ਦਿੱਲੀ ਲਿਆਂਦਾ ਜਾਵੇਗਾ। ਇਹ ਗੱਲ ਅੱਜ ਹਲਕਾ ਮੁਹਾਲੀ ਦੇ ਪਿੰਡਾਂ ਵਿੱਚ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਆਖੀ।ਲੋਕਾਂ ਦੀਆਂ ਭਰਵੀਆਂ ਮੀਟਿੰਗਾਂ ਦੌਰਾਨ ਬੋਲਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅੱਖ ਹਮੇਸ਼ਾ ਤੋਂ ਹੀ ਪੰਜਾਬ ਦੇ ਪਾਣੀਆਂ ਉਤੇ ਰਹੀ ਹੈ।
ਕੇਜਰੀਵਾਲ ਦਿੱਲੀ ਵਿੱਚ ਫੈਲੇ ਪ੍ਰਦੂਸ਼ਣ ਉੱਤੇ ਵੀ ਆਪਣੀ ਨਾਕਾਮੀ ਛੁਪਾਉਣ ਵਾਸਤੇ ਪੰਜਾਬ ਦੇ ਕਿਸਾਨਾਂ ਦਾ ਨਾਂਅ ਬਦਨਾਮ ਕਰਦਾ ਰਿਹਾ ਹੈ। ਉਨ੍ਹਾਂ ਆਪ ਪਾਰਟੀ ਨੂੰ ਭਾਜਪਾ ਦੀ ‘ਬੀ’ ਟੀਮ ਕਰਾਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਭਾਜਪਾ ਸਾਸ਼ਿਤ ਹਿਮਾਚਲ ਪ੍ਰਦੇਸ਼ ਨੂੰ ਪਾਣੀ ਉਤੇ ਰੌਇਆਲਟੀ ਦੇ ਰਹੀ ਹੈ ਪਰ ਪੰਜਾਬ ਦਾ ਪਾਣੀ ਮੁਫਤੋ-ਮੁਫਤੀ ਹੜੱਪ ਕਰਨਾ ਚਾਹੁੰਦੀ ਹੈ। ਉਨ੍ਹਾਂ ਮੁਹਾਲੀ ਤੋਂ ਆਪ ਉਮੀਦਵਾਰ ਕੁਲਵੰਤ ਸਿੰਘ ਨੂੰ ਦਲ ਬਦਲੂ ਕਰਾਰ ਦਿੰਦਿਆਂ ਕਿਹਾ ਕਿ ਕੁਲਵੰਤ ਸਿੰਘ ਸੱਤਾ ਦੇ ਲਾਲਚ ਵਿਚ ਕੱਲ੍ਹ ਨੂੰ ਆਪ ਪਾਰਟੀ ਛੱਡ ਕੇ ਮੁੜ ਅਕਾਲੀ ਦਲ ਵਿਚ ਚਲਾ ਜਾਵੇਗਾ।

ਕੁਲਵੰਤ ਸਿੰਘ ਪਿਛਲੇ ਮਹੀਨੇ ਤੋਂ ਹੀ ਲੋਕਾਂ ਵਿੱਚ ਆਇਆ ਹੈ ਅਤੇ ਵੋਟਾਂ ਤੋਂ ਬਾਅਦ ਇਸ ਵਿਅਕਤੀ ਨੇ ਕਿਤੇ ਵੀ ਨਹੀਂ ਲੱਭਣਾ, ਜਦਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਪਿਛਲੇ 30 ਸਾਲਾਂ ਤੋਂ ਮੁਹਾਲੀ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਭਾਈਵਾਲ ਹੁੰਦੇ ਆ ਰਹੇ ਹਨ। ਇਸ ਮੌਕੇ ਲੋਕਾਂ ਨੇ ਕਿਹਾ ਕਿ ਉਹ ਸਿਰਫ਼ ਅਤੇ ਸਿਰਫ਼ ਬਲਬੀਰ ਸਿੰਘ ਸਿੱਧੂ ਨੂੰ ਹੀ ਆਪਣਾ ਆਗੂ ਮੰਨਦੇ ਹਨ ਅਤੇ ਹੱਥ ਖੜ੍ਹੇ ਕਰਕੇ ਸਿੱਧੂ ਨੂੰ ਵੋਟਾਂ ਪਾਉਣ ਦਾ ਐਲਾਨ ਕੀਤਾ। ਇਸ ਮੌਕੇ ਯੂਥ ਕਾਂਗਰਸੀ ਆਗੂ ਪਹਿਲਵਾਨ ਅਮਰਜੀਤ ਸਿੰਘ ਲਖਨੌਰ, ਸਰਪੰਚ ਮਨਦੀਪ ਸਿੰਘ ਗੋਲਡੀ ਸੈਦਪੁਰ, ਸੂਬੇਦਾਰ ਕਰਮ ਸਿੰਘ, ਪ੍ਰਦੀਪ ਸਿੰਘ ਪੰਚ ਤੰਗੌਰੀ ਅਤੇ ਹੋਰਤ ਪਾਰਟੀ ਵਰਕਰ ਵੀ ਮੌਜੂਦ ਸਨ।