ਆਪ ਆਗੂ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਨੂੰ ਪਟਿਆਲਾ ਜੇਲ ਭੇਜਿਆ

ਘਨੌਰ ਤੋਂ ਆਪ ਉਮੀਦਵਾਰ ਅਨੂ ਰੰਧਾਵਾ ਦੇ ਸਮਰਥਕਾਂ ਨੇ ਜਥੇਦਾਰ ਗੁਰਸੇਵ ਸਿੰਘ ਨਾਲ ਥਾਣੇ ਵਿੱਚ ਕੀਤੀ ਮੁਲਾਕਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਪ ਵਿੱਚ ਕੁੱਝ ਦਿਨ ਹੀ ਸ਼ਾਮਲ ਹੋਏ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਨੂੰ ਬੀਤੇ ਦਿਨੀਂ ਸੋਹਾਣਾ ਪੁਲੀਸ ਵੱਲੋਂ ਪਿੰਡ ਸੋਹਾਣਾ ਵਿੱਚ ਇੱਕ ਜਗ੍ਹਾਂ ਦੇ ਕਬਜ਼ੇ ਸਬੰਧੀ ਲੜਾਈ ਝਗੜਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਥੇਦਾਰ ਨੂੰ ਸ਼ੁੱਕਰਵਾਰ ਨੂੰ ਮੁਹਾਲੀ ਦੀ ਚੀਫ਼ ਜੁਡੀਸ਼ਲ ਮੈਜਿਸਟਰੇਟ ਵਿਪਨਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਆਪ ਆਗੂ ਨੂੰ 14 ਦਿਨ ਦੇ ਜੁਡੀਸ਼ਲ ਰਿਮਾਂਡ ਅਧੀਨ ਪਟਿਆਲਾ ਜੇਲ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਜਥੇਦਾਰ ਦਿਲ ਦੇ ਰੋਗ ਦਾ ਮਰੀਜ਼ ਹੈ। ਕੁੱਝ ਸਮਾਂ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੇ ਸਟੰਟ ਵੀ ਪਾਏ ਗਏ ਸੀ।
ਅਦਾਲਤ ਵਿੱਚ ਪੇਸ਼ ਜਾਂਚ ਅਧਿਕਾਰੀ ਏਐਸਆਈ ਨਾਇਬ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਜਥੇਦਾਰ ਗੁਰਸੇਵ ਸਿੰਘ ਤੇ ਹੋਰਨਾਂ ਦੇ ਖ਼ਿਲਾਫ਼ ਪਿਛਲੇ ਸਾਲ ਸੋਹਾਣਾ ਥਾਣੇ ਵਿੱਚ ਇੱਕ ਜਗ੍ਹਾ ਨੂੰ ਕਬਜਿਉਣ ਅਤੇ ਲੜਾਈ ਝਗੜੇ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ। ਲੇਕਿਨ ਹੁਣ ਤੱਕ ਉਹ ਗ੍ਰਿਫ਼ਤਾਰੀ ਤੋਂ ਬਚਦੇ ਆ ਰਹੇ ਸੀ। ਜਥੇਦਾਰ ਨੂੰ ਬੀਤੇ ਕੱਲ੍ਹ ਚੋਣ ਰੈਲੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਧਰ, ਬਚਾਅ ਪੱਖ ਦੇ ਬਚਾਅ ਸਨੇਹਪ੍ਰੀਤ ਸਿੰਘ ਨੇ ਪੁਲੀਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਜਥੇਦਾਰ ਗੁਰਸੇਵ ਸਿੰਘ ਨੂੰ ਸਿਆਸੀ ਬਦਲਾਖੋਰੀ ਦੇ ਚਲਦਿਆਂ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਕਿਉਂਕਿ ਕੁੱਝ ਦਿਨ ਹੀ ਜਥੇਦਾਰ ਹੁਕਮਰਾਨ ਪਾਰਟੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਅਤੇ ਮੁਹਾਲੀ ਸਮੇਤ ਘਨੌਰ ਅਤੇ ਸਨੌਰ ਵਿੱਚ ਅਕਾਲੀ ਦਲ ਦੇ ਖ਼ਿਲਾਫ਼ ਅਤੇ ਆਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਚ ਡਟੇ ਹੋਏ ਸੀ। ਕਿਉਂਕਿ ਇਨ੍ਹਾਂ ਇਲਾਕਿਆਂ ਵਿੱਚ ਜਥੇਦਾਰ ਦਾ ਅੱਛਾ ਖਾਸਾ ਸਰੂਖ ਹੈ। ਜਿਸ ਕਾਰਨ ਅਕਾਲੀਆਂ ਨੂੰ ਕਾਫੀ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਜਥੇਦਾਰ ਦੀ ਸ਼ਿਕਾਇਤ ’ਤੇ ਇਸ ਮਾਮਲੇ ਦੀ ਨਵੇਂ ਸਿਰਿਓਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਹਾਲੇ ਪੁਲੀਸ ਦੀ ਜਾਂਚ ਵੀ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਜ਼ਮੀਨ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਉਹ ਜ਼ਮੀਨ ਉਨ੍ਹਾਂ ਦੀ ਪਤਨੀ ਬੀਬੀ ਸੁਖਵੰਤ ਕੌਰ ਨੇ ਕਾਫੀ ਸਮਾਂ ਪਹਿਲਾਂ ਖਰੀਦੀ ਗਈ ਸੀ ਅਤੇ ਹਾਈ ਕੋਰਟ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਇਹੀ ਨਹੀਂ ਅਦਾਲਤ ਦੇ ਹੁਕਮਾਂ ’ਤੇ ਵੈਲਫ਼ ਨੇ ਢੋਲ ਵਜਾ ਕੇ ਬਕਾਇਦਾ ਮੁਨਾਦੀ ਵੀ ਕੀਤੀ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਥੇਦਾਰ ਨੂੰ ਜੇਲ ਭੇਜ ਦਿੱਤਾ।
(ਬਾਕਸ ਆਈਟਮ)
ਉਧਰ, ਘਨੌਰ ਤੋਂ ਆਪ ਦੀ ਉਮੀਦਵਾਰ ਬੀਬੀ ਅਨੂ ਰੰਧਾਵਾ ਦੇ ਸਮਰਥਕਾਂ ਅਤੇ ਹਾਈ ਕੋਰਟ ਦੇ ਵਕੀਲ ਨੇ ਅੱਜ ਸੋਹਾਣਾ ਥਾਣੇ ਵਿੱਚ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਕੇਸ ਦੀ ਪੈਰਵੀ ਕਰਨ ਦਾ ਭਰੋਸਾ ਦਿੱਤਾ। ਆਪ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ’ਤੇ ਜਥੇਦਾਰ ਨਾਲ ਹੋਈਆਂ ਵਧੀਕੀਆਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਅਕਾਲੀ ਜਥੇਦਾਰਾਂ ਦੇ ਆਖੇ ਲੱਗ ਕੇ ਵਿਰੋਧੀਆਂ ’ਤੇ ਝੂਠੇ ਕੇਸ ਦਰਜ ਵਾਲੇ ਜ਼ਿੰਮੇਵਾਰ ਅਫ਼ਸਰਾਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…