ਆਪ ਆਗੂ ਸਰਬਜੀਤ ਸਿੰਘ ਸਮਾਣਾ ਨੇ ਦੰਗਾ ਪੀੜਤ ਪਰਿਵਾਰ ਦਾ ਦਰਦ ਸੁਣਿਆ

ਨਾ ਅਕਾਲੀ, ਨਾ ਕਾਂਗਰਸ ਨੇ ਸੁਣੀ ਪੁਕਾਰ, ਹੁਣ ਆਪ ਸਰਕਾਰ ਤੋਂ ਇਨਸਾਫ਼ ਦੀ ਆਸ ਬੱਝੀ: ਆਤਮਾ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਕਤੂਬਰ:
ਨਵੰਬਰ 1984 ਦਿੱਲੀ ਸਿੱਖ ਕਤਲੇਆਮ ਦਾ ਇੱਕ ਪੀੜਤ ਪਰਿਵਾਰ ਪਿਛਲੇ ਕਰੀਬ ਚਾਰ ਦਹਾਕੇ ਤੋਂ ਆਪਣੇ ਸਿਰ ਤੇ ਪੱਕੀ ਛੱਤ ਨੂੰ ਉਡੀਕ ਰਿਹਾ ਹੈ ਲੇਕਿਨ ਪਿਛਲੀ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਉਨ੍ਹਾਂ ਦੀ ਫ਼ਰਿਆਦ ਨਹੀਂ ਸੁਣੀ ਲੇਕਿਨ ਇਸ ਪੀੜਤ ਪਰਿਵਾਰ ਨੂੰ ਪੰਜਾਬ ਦੀ ਆਪ ਸਰਕਾਰ ਤੋਂ ਇਨਸਾਫ਼ ਮਿਲਣ ਦੀ ਆਸ ਬੱਝੀ ਹੈ। ਇਹ ਪੀੜਤ ਪਰਿਵਾਰ ਪਿੰਡ ਕੁਰੜਾ ਵਿੱਚ ਰਹਿੰਦਾ ਹੈ ਅਤੇ ਮਕਾਨ ਦੀ ਛੱਤ ਕੱਚੀ ਹੋਣ ਕਾਰਨ ਹਰ ਸਮੇਂ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਦੰਗਾ ਪੀੜਤ ਆਤਮਾ ਸਿੰਘ ਨੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਯੂਥ ਆਗੂ ਤੇ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਆਪਬੀਤੀ ਦੱਸਦਿਆਂ ਕਿਹਾ ਕਿ ਉਹ ਦਿੱਲੀ ਸਿੱਖ ਕਤਲੇਆਮ ਤੋਂ ਬਾਅਦ ਉੱਜੜ ਕੇ ਮੁਹਾਲੀ ਆਏ ਸੀ। ਹਾਲਾਂਕਿ 1995 ਵਿੱਚ ਉਸ ਦਾ ਲਾਲ ਕਾਰਡ ਵੀ ਬਣਿਆ ਹੋਇਆ ਹੈ ਪ੍ਰੰਤੂ ਹੁਣ ਤੱਕ ਕਿਸੇ ਵੀ ਸਰਕਾਰ ਨੇ ਉਸ ਨੂੰ ਮਕਾਨ ਨਹੀਂ ਦਿੱਤਾ ਜਦੋਂਕਿ ਬਾਹਰਲੇ ਰਾਜਾਂ ਤੋਂ ਉੱਜੜ ਕੇ ਆਏ ਕਾਫ਼ੀ ਲੋਕਾਂ ਨੇ ਮੁਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਪਹਿਲਾਂ ਧੱਕੇ ਨਾਲ ਸਰਕਾਰੀ ਮਕਾਨਾਂ ’ਤੇ ਕਬਜ਼ੇ ਕਰ ਲਏ। ਬਾਅਦ ਵਿੱਚ ਉਨ੍ਹਾਂ ਨੂੰ ਉਹ ਮਕਾਨ ਅਲਾਟ ਕਰ ਦਿੱਤੇ ਗਏ ਪ੍ਰੰਤੂ ਉਸ ਦੇ ਪਰਿਵਾਰ ਨੇ ਨਿਯਮਾਂ ਦੇ ਖ਼ਿਲਾਫ਼ ਕੋਈ ਮਕਾਨ ਨਹੀਂ ਦੱਬਿਆ ਅਤੇ ਨਾ ਹੀ ਸਰਕਾਰਾਂ ਨੇ ਉਸ ਨੂੰ ਕੋਈ ਮਕਾਨ ਅਲਾਟ ਕੀਤਾ। ਜਿਸ ਕਾਰਨ ਹੁਣ ਉਹ ਆਪਣੇ ਪਰਿਵਾਰ ਨਾਲ ਪਿੰਡ ਕੁਰੜਾ (ਮੁਹਾਲੀ) ਵਿੱਚ ਰਹਿ ਰਿਹਾ ਹੈ ਅਤੇ ਬੜੀ ਮੁਸ਼ਕਲ ਨਾਲ ਪਰਿਵਾਰ ਨੂੰ ਪਾਲ ਰਿਹਾ ਹੈ।
ਉਧਰ, ਪਿੰਡ ਦੇ ਅਗਾਂਹਵਧੂ ਨੌਜਵਾਨ ਗੁਰਪ੍ਰੀਤ ਸਿੰਘ ਨੇ ‘ਆਪ’ ਵਿਧਾਇਕ ਦੇ ਸਪੁੱਤਰ ਸਰਬਜੀਤ ਸਿੰਘ ਨੂੰ ਸੱਦ ਕੇ ਦੰਗਾ ਪੀੜਤ ਦੀ ਹਾਲਤ ਬਾਰੇ ਦੱਸਿਆ। ਇਸ ਦੌਰਾਨ ਸਰਬਜੀਤ, ਦੰਗਾ ਪੀੜਤ ਦੀ ਕੱਚੀ ਛੱਤ ਤੇ ਖਸਤਾ ਹਾਲਤ ਮਕਾਨ ਦੇਖ ਕੇ ਦੰਗ ਰਹਿ ਗਏ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਵਿਧਾਇਕ ਕੁਲਵੰਤ ਸਿੰਘ ਰਾਹੀਂ ਉਸ ਦਾ ਮਾਮਲਾ ਮੁੱਖ ਮੰਤਰੀ, ਪੰਚਾਇਤ ਮੰਤਰੀ ਅਤੇ ਪੁੱਡਾ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ ਅਤੇ ਦੰਗਾ ਪੀੜਤ ਦੀ ਮਦਦ ਲਈ ਸਪੈਸ਼ਲ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ।

ਪੀੜਤ ਆਤਮਾ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਸ ਦੇ ਬੇਟੇ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਜਿਸ ਕਾਰਨ ਉਹ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ। ਦਿੱਲੀ ਵਿੱਚ ਉਹ ਕਾਰ ਚਲਾਉਂਦੇ ਸੀ ਪ੍ਰੰਤੂ ਦੰਗਿਆਂ ਦੌਰਾਨ ਭੀੜ ਨੇ ਉਸ ਦੀ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਅਤੇ ਉਹ ਬੜੀ ਮੁਸ਼ਕਲ ਨਾਲ ਪੰਜਾਬ ਪਹੁੰਚੇ ਸੀ ਪਰ ਇੱਥੇ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਵੀ ਪੱਲੇ ਨਹੀਂ ਪਿਆ। ਉਨ੍ਹਾਂ ਮੰਗ ਕੀਤੀ ਕਿ ਉਸ ਦੇ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਮਕਾਨ ਅਲਾਟ ਕੀਤਾ ਜਾਵੇ। ਇਸ ਮੌਕੇ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ ਬੈਦਵਾਨ, ਸਮਾਜ ਸੇਵੀ ਹਰਮੇਸ਼ ਸਿੰਘ ਕੁੰਭੜਾ ਅਤੇ ਗੁਰਪ੍ਰੀਤ ਸਿੰਘ ਕੁਰੜਾ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…