
ਆਪ ਆਗੂ ਐਸਐਚ ਫੂਲਕਾ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਆਹਮੋ ਸਾਹਮਣੇ
ਆਮ ਆਦਮੀ ਪਾਰਟੀ ਵੱਲੋਂ ਹਿੱਤਾਂ ਦੇ ਟਕਰਾਅ ਕਾਰਨ ਰਾਣਾ ਗੁਰਜੀਤ ਸਿੰਘ ਦਾ ਵਿਭਾਗ ਬਦਲਣ ਦੀ ਮੰਗ
ਮੰਤਰੀ ਦੀ ਮਾਲਕੀ ਵਾਲੀ ਰਾਣਾ ਸ਼ੁਗਰ ਲਿਮਟਿਡ ਵੇਚ ਰਹੀ ਹੈ ਪੀਐਸਪੀਸੀਐਲ ਨੂੰ ਬਿਜਲੀ, ਰਾਣਾ ਦੇ ਹਿੱਤ ਟਕਰਾਅ ਦੇ ਦੋਸ਼ ਨਕਾਰੇ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਅਪਰੈਲ:
ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵਿਭਾਗ ਬਦਲਣ ਦੀ ਮੰਗ ਕੀਤੀ। ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਅਤੇ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਇਲਜਾਮ ਲਗਾਇਆ ਕਿ ਰਾਣਾ ਗੁਰਜੀਤ ਸਿੰਘ ਜੋ ਕਿ ਰਾਣਾ ਸ਼ੁਗਰ ਲੀਮੀਟੇਡ ਦੇ ਸਹਿ ਸੰਸਥਾਪਕ ਹਨ ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲੀਮੀਟੇਡ ਨੂੰ ਬਿਜਲੀ ਵੇਚ ਰਹੀ ਹੈ। ਇਸ ਤਰ੍ਹਾਂ ਇਹ ਸਿੱਧੇ ਤੌਰ ਤੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੰਤਰੀ ਹੋਣ ਦੇ ਨਾਤੇ ਰਾਣਾ ਪੀਐਸਪੀਸੀਐਲ ਨੂੰ ਕੰਟਰੋਲ ਕਰ ਰਹੇ ਹਨ ਅਤੇ ਉਹ ਹੀ ਉਨ੍ਹਾਂ ਦੀ ਖੁਦ ਦੀ ਕੰਪਨੀ ਤੋਂ ਬਿਜਲੀ ਖਰੀਦ ਰਹੇ ਹਨ।
ਸ੍ਰੀ ਫੂਲਕਾ ਨੇ ਕਿਹਾ ਕਿ ਰਾਣਾ ਸ਼ੁਗਰ ਲਿਮਟਿਡ 34 ਮੈਗਾਵਾਟ ਬਿਜਲੀ ਨਿਰਮਾਣ ਕਰਦੀ ਹੈ। ਜਿਸ ’ਚੋਂ 20 ਮੈਗਾਵਾਟ ਵਾਧੂ ਬਿਜਲੀ ਪੀਐਸਪੀਸੀਐਲ ਨੂੰ ਵੇਚੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਣਾ ਅਤੇ ਉਹਨਾਂ ਦੇ ਪਤਨੀ ਇਸ ਫਰਮ ਵਿਚ ਵੱਡੇ ਸ਼ੇਅਰ ਹੋਲਡਰ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਕੇਸ ਨੂੰ ਵੇਖਦਿਆਂ ਹੋਇਆ ਫੌਰੀ ਤੌਰ ਤੇ ਰਾਣਾ ਦਾ ਵਿਭਾਗ ਬਦਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੀ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਯੋਜਨਾ ਸਿਰੇ ਚੜਦੀ ਹੈ ਤਾਂ ਅਜਿਹੇ ਵਿੱਚ ਪ੍ਰਾਈਵੇਟ ਬਿਜਲੀ ਉਤਪਾਦਕਾਂ ਨੂੰ ਸਿੱਧਾ ਲਾਭ ਹੋਵੇਗਾ। ਜਿਸ ਵਿੱਚ ਰਾਣਾ ਗੁਰਜੀਤ ਦੀ ਖ਼ੁਦ ਦੀ ਕੰਪਨੀ ਸ਼ਾਮਲ ਹੋਵੇਗੀ।
ਉਧਰ, ਦੂਜੇ ਪਾਸੇ ਪੰਜਾਬ ਦੇ ਊਰਜਾ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ’ਤੇ ਊਰਜਾ ਦਾ ਕਾਰਜਭਾਰ ਸੰਭਾਲਣ ਕਾਰਨ ‘ਹਿਤਾਂ ਦੇ ਟਕਰਾਅ ਸਬੰਧੀ ਲਾਏ ਦੋਸ਼ਾਂ ਨੂੰ ਮੂਲੋਂ ਰੱਦ ਕੀਤਾ ਹੈ। ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਇੱਕ ਕਿਸਾਨ ਖੇਤੀਬਾਡੀ ਮੰਤਰੀ ਬਣ ਸਕਦਾ ਹੈ, ਇੱਕ ਡਾਕਟਰ ਸਿਹਤ ਮੰਤਰੀ ਬਣ ਸਕਦਾ ਹੈ ਜਾਂ ਇੱਕ ਵਕੀਲ ਕਾਨੂੰਨ ਮੰਤਰੀ ਬਣ ਸਕਦਾ ਹੈ ਤਾਂ ਇਸ ਵਿੱਚ ਕੀ ਬੁਰਾਈ ਹੈ ਜੇਕਰ ਊਰਜਾ ਉਤਪਾਦਨ ਵਿੱਚ ਮੁਹਾਰਤ ਰੱਖਣ ਵਾਲਾ ਵਿਅਕਤੀ ਊਰਜਾ ਮੰਤਰੀ ਬਣ ਜਾਂਦਾ ਹੈ? ਆਪ ਦੇ ਆਗੂ ਐਚ.ਐਸ. ਫੂਲਕਾ ਵੱਲੋਂ ਜਾਰੀ ਬਿਆਨ ਕਿ ਰਾਣਾ ਗੁਰਜੀਤ ਸਿੰਘ ਦਾ ਰਾਣਾ ਸ਼ੂਗਰ ਲਿਮੀਟਿਡ ਵਿੱਚ ਹਿੱਸਾ ਹੈ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਮੁਹੱਈਆ ਕਰਦੀ ਹੈ, ਦਾ ਜਵਾਬ ਦਿੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਦੇਣ ਸਬੰਧੀ ਸਮਝੌਤਾ ਬਹੁਤ ਦੇਰ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਸੀ।
ਸ੍ਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਫੂਲਕਾ ਇੱਕ ਸਤਿਕਾਰਯੋਗ ਵਿਅਕਤੀ ਹਨ ਇਸ ਲਈ ਉਹ ਉਨ੍ਹਾਂ ਵਿਰੁੱਧ ਬਿਆਨ ਦਾਗਣ ਤੋਂ ਪਹਿਲਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰਨ ਕਿ ਉਨ੍ਹਾਂ ਦੇ ਊਰਜਾ ਮੰਤਰੀ ਹੋਣ ਕਾਰਨ ‘ਹਿਤਾਂ ਦਾ ਟਕਰਾਅ‘ ਕਿਵੇਂ ਪੈਦਾ ਹੁੰਦਾ ਹੈ? ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਹਿੱਸੇਦਾਰੀ ਵਾਲੀ ਕੰਪਨੀ ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ ਬਿਨਾਂ ਉਨ੍ਹਾਂ ਦੀ ਕਿਸੇ ਦਖਲਅੰਦਾਜੀ ਦੇ ਪੀ.ਐਸ.ਪੀ.ਐਲ ਨੂੰ ਪਾਰਦਰਸ਼ੀ ਢੰਗ ਨਾਲ ਬਿਜਲੀ ਮੁਹੱਈਆ ਕਰਦੀ ਹੈ ਤਾਂ ਵੀ ਕੀ ਉਨ੍ਹਾਂ ਵਿਰੁੱਧ ਇਹ ਮੁੱਦਾ ਉਠਾਇਆ ਜਾਣਾ ਬਣਦਾ ਹੈ? ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਉਨ੍ਹਾਂ ਦੇ ਊਰਜਾ ਮੰਤਰੀ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੇ ‘ਹਿੱਤਾਂ ਦਾ ਟਕਰਾਅ’ ਨਹੀਂ ਹੁੰਦਾ, ਰਾਣਾ ਗੁਰਜੀਤ ਸਿੰਘ ਨੇ ਸ੍ਰੀ ਫੂਲਕਾ ਨੂੰ ਯਕੀਨ ਦਿਵਾਇਆ ਕਿ ਇੱਕ ਸਾਲ ਦੇ ਅੰਦਰ-ਅੰਦਰ ਸ੍ਰੀ ਫੂਲਕਾ ਅਤੇ ਸਮੁੱਚਾ ਪੰਜਾਬ ਊਰਜਾ ਦੇ ਖੇਤਰ ਵਿੱਚ ਵੱਡੀ ਤਬਦੀਲੀ ਮਹਿਸੂਸ ਕਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਊਰਜਾ ਦੇ ਖੇਤਰ ਦੀ ਮੁਹਾਰਤ ਅਤੇ ਤਜ਼ਰਬਾ ਹੈ ਜਿਸ ਦੀ ਵਰਤੋਂ ਉਹ ਸੂਬੇ ਦੀ ਭਲਾਈ ਲਈ ਕਰਨਗੇ ਨਾ ਕਿ ਆਪਣੇ ਨਿੱਜੀ ਹਿੱਤਾਂ ਲਈ। ਉਨ੍ਹਾਂ ਸ੍ਰੀ ਫੂਲਕਾ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਵੱਲੋਂ ਪੀ.ਐਸ.ਪੀ.ਐਲ ਨੂੰ ਬਿਜਲੀ ਮੁਹੱਈਆ ਕਰਵਾਉਣ ਵਿੱਚ ਜੇਕਰ ਉਨ੍ਹਾਂ ਵੱਲੋਂ ਕੁਝ ਵੀ ਗਲਤ ਕੀਤਾ ਜਾ ਰਿਹਾ ਹੈ ਤਾਂ ਸ੍ਰੀ ਫੂਲਕਾ ਇਸ ਦਾ ਪਰਦਾਫਾਸ ਕਰਨ।