
ਮੁੱਖ ਮੰਤਰੀ ਦੇ ਸ਼ਹਿਰ ਵਿੱਚ ‘ਆਪ’ ਆਗੂ ਦੀ ਕਾਰ ਦੇ ਸ਼ੀਸ਼ੇ ਤੋੜੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਮੁਹਾਲੀ ਵਿੱਚ ਅਪਰਾਧ ਅਤੇ ਸਟਰੀਟ ਕਰਾਈਮ ਦੀਆਂ ਵਾਰਦਾਤਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿੱਚ ‘ਆਪ’ ਵਲੰਟੀਅਰ ਤੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਦੇ ਘਰ ਦੇ ਬਾਹਰ ਖੜੀ ਫੋਰਡ ਇਨਡੀਵਰ ਕਾਰ ਦੇ ਸ਼ੀਸ਼ੇ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਦੱਸਿਆ ਕਿ ਪਿਛਲੇ ਦਿਨੀਂ ਦੇਰ ਰਾਤ ਨੂੰ ਕੁੱਝ ਸ਼ਰਾਰਤੀ ਨੇ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਟਾਇਰ ਨੂੰ ਤੇਜ਼ਧਾਰ ਨੋਕ ਵਾਲੇ ਹਥਿਆਰ ਫਾੜ ਦਿੱਤਾ। ਇਸ ਨਾਲ ਉਸ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਨੂੰ ਪੰਜ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਸ਼ਰਾਰਤੀ ਨੌਜਵਾਨਾਂ ਦਾ ਇਹ ਟੋਲਾ ਆਪਣੇ ਹੱਥਾਂ ਵਿੱਚ ਪੱਥਰ ਅਤੇ ਇੱਟਾਂ ਲੈ ਕੇ ਸੜਕ ਤੋਂ ਲੰਘਣਾ ਦਿਖਾਈ ਦੇ ਰਿਹਾ ਹੈ। ਕਿਉਂਕਿ ਨਵੇਂ ਮੁੱਖ ਮੰਤਰੀ ਦੇ ਸ਼ਹਿਰ ਅਤੇ ਹੁਕਮਰਾਨ ਪਾਰਟੀ ਨਾਲ ਸਬੰਧਤ ਸੀਨੀਅਰ ਆਗੂ ਦੀ ਗੱਡੀ ਨਾਲ ਇਹ ਵਾਰਦਾਤ ਵਾਪਰੀ ਹੈ। ਤਾਂ ਪੁਲੀਸ ਨੇ ਤੁਰੰਤ ਫੁਰਤੀ ਤੋਂ ਕੰਮ ਲੈਂਦਿਆਂ ਕੁੱਝ ਹੀ ਘੰਟਿਆਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਟਰੇਸ ਕਰ ਲਿਆ।
ਸ੍ਰੀ ਸੋਹਲ ਨੇ ਦੱਸਿਆ ਕਿ ਇਸ ਘਟਨਾ ਨੂੰ ਜਿਹੜੇ ਪੰਜ ਨੌਜਵਾਨਾਂ ਨੇ ਅੰਜਾਮ ਦਿੱਤਾ ਸੀ ਕਿ ਉਨ੍ਹਾਂ ਵਿੱਚ ਦੋ ਨਵਾਂ ਸ਼ਹਿਰ, ਦੋ ਸੈਕਟਰ-66 ਅਤੇ ਇਕ ਮੁਹਾਲੀ ਸ਼ਹਿਰ ਦਾ ਨੌਜਵਾਨ ਸੀ। ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਨ੍ਹਾਂ ਦੇ ਭਵਿੱਖ ਨੂੰ ਦੇਖਦੇ ਹੋਏ ਪੀੜਤ ਆਪ ਆਗੂ ਨੇ ਮੁਆਫ਼ ਕਰ ਦਿੱਤਾ ਹੈ। ਉਕਤ ਨੌਜਵਾਨਾਂ ਨੂੰ ਪੁਲੀਸ ਵੱਲੋਂ ਥਾਣੇ ਸੱਦਿਆ ਗਿਆ। ਜਿੱਥੇ ਪੁਲੀਸ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਦੀ ਮੌਜੂਦਗੀ ਵਿੱਚ ਸ਼ਰਾਰਤੀ ਨੌਜਵਾਨਾਂ ਦੇ ਮਾਪਿਆਂ ਨੇ ਗੁਰਮੁੱਖ ਸਿੰਘ ਸੋਹਲ ਤੋਂ ਲਿਖਤੀ ਮੁਆਫ਼ੀ ਮੰਗਦਿਆਂ ਕਾਰ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਉਕਤ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ।