
ਕਿਸਾਨ ਮਹਾ ਸਭਾ ਲਈ ਆਪ ਆਗੂਆਂ ਨੇ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ
ਆਮ ਆਦਮੀ ਪਾਰਟੀ ਦੀ 21 ਮਾਰਚ ਨੂੰ ਹੋਣ ਵਾਲੀ ਕਿਸਾਨ ਮਹਾਸਭਾ ਲਈ ਲੋਕਾਂ ਨੂੰ ਕੀਤਾ ਲਾਮਬੰਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਾਰਚ:
ਆਮ ਆਦਮੀ ਪਾਰਟੀ (ਆਪ) ਵੱਲੋਂ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕੀਤੀ ਜਾ ਰਹੀ ਕਿਸਾਨ ਮਹਾਸਭਾ (ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਸੰਬੋਧਨ ਕੀਤਾ ਜਾਵੇਗਾ) ਦੀ ਸਲਫਤਾ ਲਈ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਹਲਕਾ ਮੁਹਾਲੀ ਦੇ ਸੀਨੀਅਰ ਆਗੂ ਸ੍ਰੀ ਵਿਨੀਤ ਵਰਮਾ ਵੱਲੋਂ ਮੁਹਾਲੀ ਦੇ ਨੇੜਲ। ਪਿੰਡਾਂ ਮੋਟੇ ਮਾਜਰਾ, ਕੁਰੜੀ, ਚਾਉਮਾਜਰਾ, ਧੁਰਾਲੀ, ਰਾਏਪੁਰ ਖੁਰਦ, ਮਨੌਲੀ, ਚਾਚੋ ਮਾਜਰਾ, ਰੁੜਕਾ, ਧਰਮਗੜ੍ਹ, ਚਿੱਲਾ, ਪਾਪੜੀ, ਬਠਲਾਣਾ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ ਲੋਕਾਂ ਨੂੰ 21 ਮਾਰਚ ਦੀ ਕਿਸਾਨ ਮਹਾਸਭਾ ਵਿੱਚ ਸ਼ਾਮਿਲ ਹੋਣ ਲਈ ਲਾਮਬੰਦ ਕੀਤਾ ਗਿਆ।
ਇਸ ਮੌਕੇ ਵਿਨੀਤ ਵਰਮਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਜਨਤਾ ਦੇ ਸਾਹਮਣੇ ਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ ਬਣ ਕੇ ਕਿਸਾਨ ਹਿਤਾਂ ਦਾ ਘਾਣ ਕਰ ਰਹੀ ਹੈ। ਪੰਜਾਬ ਸਰਕਾਰ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਕਿਸਾਨਾਂ ਦੇ ਹਿੱਤਾਂ ਦੇ ਖ਼ਿਲਾਫ਼ ਭੁਗਤ ਰਹੀ ਹੈ।
ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ, ਸੀਨੀਅਰ ਆਗੂ ਅਮਰਦੀਪ ਸੰਧੂ, ਜਸਪਾਲ ਸਿੰਘ, ਅਤੁਲ ਸ਼ਰਮਾ ਅਤੇ ਬਲਾਕ ਇੰਚਾਰਜ ਕਰਮਜੀਤ ਸਿੰਘ ਅਤੇ ਗੱਜਣ ਸਿੰਘ ਵੀ ਹਾਜ਼ਰ ਸਨ। ਆਪ ਆਗੂਆਂ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਹਨਾਂ ਦੇ ਹੱਲ ਲਈ ਆਵਾਜ਼ ਬੁਲੰਦ ਕਰਨ ਦਾ ਭਰੋਸਾ ਦਿੱਤਾ।