
ਆਪ ਆਗੂ ਰਾਜਵਿੰਦਰ ਥਿਆੜਾ ਤੇ ਅਨਮੋਲ ਗਗਨ ਮਾਨ ਨੂੰ ਚੀਮਾ ਹਸਪਤਾਲ ’ਚ ਦਾਖ਼ਲ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਆਮ ਆਦਮੀ ਪਾਰਟੀ (ਆਪ) ਮਹਿਲਾ ਵਿੰਗ ਵੱਲੋਂ ਚੰਡੀਗੜ੍ਹ ਵਿੱਚ ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨ ਸਮੇਂ ਯੂਟੀ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਅਤੇ ਵਰਤੀਆਂ ਜਲ ਤੋਪਾਂ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਅਤੇ ਯੂਥ ਵਿੰਗ ਦੀ ਸੂਬਾ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਬੇਹੋਸ਼ ਹੋ ਗਏ। ਇਨ੍ਹਾਂ ਨੂੰ ਮੁਹਾਲੀ ਦੇ ਫੇਜ਼-4 ਸਥਿਤ ਚੀਮਾ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਮੁਹਾਲੀ ਦੀ ਸਕੱਤਰ ਪ੍ਰਭਜੋਤ ਕੌਰ ਅਤੇ ਪਾਰਟੀ ਦੇ ਮੀਡੀਆ ਇੰਚਾਰਜ ਜਸਪਾਲ ਸਿੰਘ ਕਾਊਣੀ ਨੂੰ ਵੀ ਸੱਟਾ ਲੱਗੀਆਂ ਹਨ। ਪ੍ਰਭਜੋਤ ਕੌਰ ਦੇ ਲੱਤ ’ਤੇ ਕਾਫ਼ੀ ਸੱਟ ਲੱਗੀ ਹੈ।
ਅੱਜ ਇੱਥੇ ‘ਆਪ’ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਤੇ ਬੁਲਾਰੇ ਵਿਨੀਤ ਵਰਮਾ ਨੇ ਕਿਹਾ ਕਿ ਭਾਜਪਾ ਦੇ ਸ਼ਾਸਨ ਵਿੱਚ ਅੌਰਤਾਂ ਸੁਰੱਖਿਅਤ ਨਹੀਂ ਹਨ ਅਤੇ ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਲੋੜ ਨੂੰ ਪੂਰਾ ਕਰਨ ਵਾਲਾ ਅੰਨਦਾਤਾ ਇਨਸਾਫ਼ ਲਈ ਸੜਕਾਂ ’ਤੇ ਰੁਲ ਰਿਹਾ ਹੈ। ਇਨ੍ਹਾਂ ਮੁੱਦਿਆਂ ’ਤੇ ਮਹਿਲਾ ਵਿੰਗ ਵੱਲੋਂ ਅੱਜ ਭਾਜਪਾ ਦੇ ਚੰਡੀਗੜ੍ਹ ਵਿਚਲੇ ਦਫ਼ਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿੱਥੇ ਯੂਟੀ ਪੁਲੀਸ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਮਹਿਲਆ ਵਲੰਟੀਅਰਾਂ ਅਤੇ ਪੁਰਸ਼ ਵਰਕਰਾਂ ’ਤੇ ਜਲ ਤੋਪਾਂ ਚਲਾਈਆਂ, ਲਾਠੀਚਾਰਜ ਕੀਤਾ ਗਿਆ। ਇਹੀ ਨਹੀਂ ਪੁਲੀਸ ਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਘਾਣ ਕਰਦਿਆਂ ਆਪ ਵਲੰਟੀਅਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਪੁਲੀਸ ਦੇ ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਨੂੰ ਨਹੀਂ ਦਬਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੌਰਤਾਂ ਦਾ ਅਪਮਾਨ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ।