
ਆਪ ਦੀ ਲੀਡਰਸ਼ਿਪ ਝੂਠ ਬੋਲਣ ਵਿੱਚ ਚੈਂਪੀਅਨ: ਬੀਬੀ ਰਾਮੂਵਾਲੀਆ
ਐਸ.ਏ.ਐਸ. ਨਗਰ (ਮੁਹਾਲੀ), 4 ਅਪਰੈਲ
ਭਾਜਪਾ ਦੀ ਕੇਂਦਰੀ ਕਮੇਟੀ ਦੀ ਸੀਨੀਅਰ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਝੂਠ ਬੋਲਣ ਦੇ ਮਾਮਲੇ ਵਿੱਚ ਚੈਂਪੀਅਨ ਬਣ ਗਈ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਉਸ ਦਾਅਵੇ ’ਤੇ ਸਵਾਲ ਖੜੇ ਕੀਤੇ ਹਨ। ਜਿਸ ਵਿੱਚ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਸਰਹੱਦੋਂ ਪਾਰ ਨਸ਼ਾ ਆਉਣਾ ਰੋਕ ਦਿੱਤਾ ਹੈ ਅਤੇ ਹੁਣ ਵਿਕਾਸ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ। ਭਾਜਪਾ ਆਗੂ ਨੇ ਕਿਹਾ ਕਿ‘ਆਪ’ ਆਗੂ ਦੇ ਦਾਅਵੇ ਅਤੇ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ। ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਬੰਦ ਨਹੀਂ ਹੋਈ ਸਗੋਂ ਮੌਜੂਦਾ ਸਮੇਂ ਵਿੱਚ ਵੀ ਰੋਜ਼ਾਨਾ ਡਰੋਨ ਰਾਹੀਂ ਨਸ਼ਾ ਪੰਜਾਬ ਵਿੱਚ ਆ ਰਿਹਾ ਹੈ। ਅੰਮ੍ਰਿਤਸਰ ਸਮੇਤ ਸਰਹੱਦੀ ਪਿੰਡਾਂ ਵਿੱਚ ਆਏ ਦਿਨ ਨਸ਼ੇ ਕਾਰਨ ਕੀਰਨੇ ਪੈ ਰਹੇ ਹਨ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ‘ਆਪ’ ਆਗੂ ਝੂਠ ਬੋਲਣ ਦੇ ਐਨੇ ਮਾਹਰ ਹਨ, ਜੇਕਰ ਕਿਤੇ ਦੇਸ਼ ਪੱਧਰੀ ਝੂਠਿਆਂ ਦੇ ਮੁਕਾਬਲੇ ਹੋਣ ਤਾਂ ਉਹ ਚੈਂਪੀਅਨ ਬਣਨਗੇ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਪੰਜਾਬ ਪੁਲੀਸ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰ ਰਹੀ ਪਰ ਹਾਲੇ ਵੱਡੇ ਸੌਦਾਗਰਾਂ ਨੂੰ ਕਿਸੇ ਨੇ ਹੱਥ ਨਹੀਂ ਪਾਇਆ। ਉਨ੍ਹਾਂ ਮੰਗ ਕੀਤੀ ਕਿ ਵੱਡੇ ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਸਿਆਸੀ ਆਕਾਵਾਂ ਨੂੰ ਵੀ ਹੱਥ ਪਾਇਆ ਜਾਵੇ ਤਾਂ ਜੋ ਪੰਜਾਬ ਦੀਆਂ ਵਿਲਕਦੀਆਂ ਮਾਵਾਂ ਅਤੇ ਭੈਣਾਂ ਤੇ ਪਰਿਵਾਰਕ ਮੈਂਬਰਾਂ ਨੂੰ ਰਾਹਤ ਮਿਲ ਸਕੇ।
ਭਾਜਪਾ ਆਗੂ ਨੇ ਕਿਹਾ ਕਿ ਵਿਕਾਸ ਸਿਰਫ਼ ਕਾਗਜ਼ਾਂ ਵਿੱਚ ਹੀ ਹੋ ਰਿਹਾ ਹੈ, ਪਿਛਲੇ ਤਿੰਨ ਸਾਲਾਂ ਵਿੱਚ ਸਰਕਾਰ ਨੇ ਕਿਸੇ ਪਿੰਡ ਦੀ ਨੁਹਾਰ ਨਹੀਂ ਬਦਲ ਸਕੀ। ਇੱਥੋਂ ਤੱਕ ਜ਼ਿਆਦਾਤਰ ਪਿੰਡਾਂ ਦੀਆਂ ਲਿੰਕ ਸੜਕਾਂ ਟੁੱਟੀਆਂ ਹੋਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਆਗੂ ਸਰਕਾਰ ਦੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਝੂਠ ਬੋਲ ਕੇ ਡੰਗ ਟਪਾ ਰਹੇ ਹਨ। ਜਿਸ ਦਾ ਖ਼ਮਿਆਜ਼ਾ ਸਰਕਾਰ ਨੂੰ ਭੁਗਤਨਾ ਪਵੇਗਾ।