
‘ਆਪ’ ਵਿਧਾਇਕਾਂ ਤੇ ਵਲੰਟੀਅਰਾਂ ਵੱਲੋਂ ਮੁੱਖ ਮੰਤਰੀ ਦੇ ਫਾਰਮ ਹਾਊਸ ਨੂੰ ਘੇਰਨ ਦਾ ਯਤਨ
ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੇ ਹੋਰਨਾਂ ਨੂੰ ਹਿਰਾਸਤ ’ਚ ਲਿਆ, ਐਸਡੀਐਮ ਨੇ ਕੀਤਾ ਰਿਹਾਅ
ਖੇਤੀ ਕਾਨੂੰਨਾਂ ਬਾਰੇ ਚਰਚਾ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਅਪੀਲ
ਬਹੁ ਕਰੋੜੀ ਵਜ਼ੀਫ਼ਾ ਘੁਟਾਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ: ਆਪ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਆਮ ਆਦਮੀ ਪਾਰਟੀ (ਆਪ) ਵੱਲੋਂ ਵਜ਼ੀਫ਼ਾ ਘੁਟਾਲਾ ਅਤੇ ਖੇਤੀ ਕਾਨੂੰਨਾਂ ਬਾਰੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਨਾ ਸੱਦਣ ਦੇ ਖ਼ਿਲਾਫ਼ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਦਾ ਯਤਨ ਕੀਤਾ। ਇਸ ਧਰਨਾ ਪ੍ਰਦਰਸ਼ਨ ਦੀ ਅਗਵਾਈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕੀਤਾ। ਆਪ ਵਿਧਾਇਕ ਅਤੇ ਮੁਹਾਲੀ ਜ਼ਿਲ੍ਹੇ ਦੇ ਆਗੂ ਅਤੇ ਵਲੰਟੀਅਰ ਅੱਜ ਸਵੇਰੇ 11 ਵਜੇ ਹੀ ਬਲਾਕ ਮਾਜਰੀ ਅਧੀਨ ਆਉਂਦੇ ਮਾਜਰਾ ਟੀ-ਪੁਆਇੰਟ ਨੇੜੇ ਪਹੁੰਚਣੇ ਸ਼ੁਰੂ ਹੋ ਗਏ ਸੀ ਅਤੇ ਦੁਪਹਿਰ 12 ਵਜੇ ਆਪ ਵਲੰਟੀਅਰਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਇਸ ਦੌਰਾਨ ਜਿਵੇਂ ਹੀ ਚੀਮਾ ਦੀ ਅਗਵਾਈ ਹੇਠ ਆਪ ਵਿਧਾਇਕਾਂ, ਸਥਾਨਕ ਆਗੂਆਂ ਅਤੇ ਵਲੰਟੀਅਰਾਂ ਨੇ ਸਿਸਵਾਂ ਦੀਆਂ ਪਹਾੜੀਆਂ ਵਿੱਚ ਬਣੇ ਮੁੱਖ ਮੰਤਰੀ ਦੇ ਫਾਰਮ ਹਾਊਸ ਵੱਲ ਕੂਚ ਕੀਤਾ ਤਾਂ ਪੁਲੀਸ ਨੇ ਬੈਰੀਕੇਟ ਲਗਾ ਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਡੱਕ ਲਿਆ। ਜਿਸ ਕਾਰਨ ਉਹ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ। ਇਹ ਸਿਲਸਿਲਾ ਘੰਟਾ ਜਾਰੀ ਰਿਹਾ।
ਇਸ ਮੌਕੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਜ਼ੀਫ਼ਾ ਘੁਟਾਲਾ ਸਮੇਤ ਹੋਰ ਘਪਲਿਆਂ ਬਾਰੇ ਕੈਪਟਨ ਸਰਕਾਰ ਮਹਿਜ਼ ਖਾਨਾਪੂਰਤੀ ਕਰਨ ਤੱਕ ਸੀਮਤ ਹੈ। ਹੁਣ ਤੱਕ ਕਾਂਗਰਸੀਆਂ ਦੇ ਜਿੰਨੇ ਵੀ ਘਪਲੇ ਸਾਹਮਣੇ ਆਏ ਹਨ। ਸਾਰੇ ਮਾਮਲਿਆਂ ਵਿੱਚ ਹੁਕਮਰਾਨ ਪਾਰਟੀ ਦੇ ਆਗੂਆਂ ਨੂੰ ਕਲੀਨ ਚਿੱਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਬਾਰੇ ਚਰਚਾ ਕਰਨ ਲਈ ਆਪ ਵੱਲੋਂ ਮੁੱਖ ਮੰਤਰੀ ਅਤੇ ਸਪੀਕਰ ਨੂੰ ਸੱਤ ਦਿਨਾਂ ਦਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਗੁਹਾਰ ਲਗਾਈ ਗਈ ਹੈ ਲੇਕਿਨ ਹੁਣ ਤੱਕ ਸਰਕਾਰ ਨੇ ਹਾਮੀ ਨਹੀਂ ਭਰੀ। ਉਨ੍ਹਾਂ ਮੰਗ ਕੀਤੀ ਕਿ ਛੇਤੀ ਸੈਸ਼ਨ ਸੱਦਿਆ ਜਾਵੇ ਅਤੇ ਸਾਰੀ ਕਾਰਵਾਈ ਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਤਾਂ ਜੋ ਰਾਜ ਦੇ ਲੋਕਾਂ ਨੂੰ ਪਲ-ਪਲ ਦੀ ਖ਼ਬਰ\ਜਾਣਕਾਰੀ ਮਿਲ ਸਕੇ।
ਮਹਿਲਾ ਆਗੂਆਂ ਨੇ ਕੈਪਟਨ ਨੂੰ ਨਿਕੰਮਾ ਮੁੱਖ ਮੰਤਰੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ, ਸਗੋਂ ਲੋਕਾਂ ਵਿੱਚ ਜਾਣ ਦੀ ਥਾਂ ਆਪਣੇ ਫਾਰਮ ਹਾਊਸ ਵਿੱਚ ਆਰਾਮ ਫੁਰਮਾ ਰਹੇ ਹਨ ਅਤੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਦਫ਼ਤਰਾਂ ਵਿੱਚ ਬੈਠਣ ਦੀ ਬਜਾਏ ਇੱਥੇ ਮੁੱਖ ਮੰਤਰੀ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਬਹੁ ਕਰੋੜੀ ਵਜ਼ੀਫ਼ਾ ਘੁਟਾਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਖੇਤੀ ਕਾਨੂੰਨਾਂ ਬਾਰੇ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ।
ਇਸ ਦੌਰਾਨ ਪੁਲੀਸ ਨੇ ਆਪ ਆਗੂ ਹਰਪਾਲ ਸਿੰਘ ਚੀਮਾ ਸਮੇਤ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੋ. ਬਲਜਿੰਦਰ ਕੌਰ, ਆਪ ਵਿਧਾਇਕ ਕੁਲਤਾਰ ਸਿੰਘ ਸੰਧੂਆਂ, ਰੁਪਿੰਦਰ ਕੌਰ ਰੂਬੀ, ਮੀਤ ਮੇਅਰ, ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ, ਸਰਬਜੀਤ ਕੌਰ, ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਜ਼ਿਲ੍ਹਾ ਪ੍ਰਧਾਨ ਹਰੀਸ਼ ਕੌਸ਼ਲ, ਵਿਨੀਤ ਵਰਮਾ, ਯੂਥ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ, ਹਰਜੀਤ ਸਿੰਘ ਬੰਟੀ, ਜਗਦੇਵ ਸਿੰਘ ਮਲੋਆ, ਅਤੇ ਹੋਰਨਾਂ ਵਲੰਟੀਅਰਾਂ ਨੂੰ ਫੜ ਕੇ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਇਨ੍ਹਾਂ ਸਾਰੇ ਆਗੂਆਂ ਨੂੰ ਖਰੜ ਦੇ ਐਸਡੀਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਸਡੀਐਮ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ।