‘ਆਪ’ ਵਿਧਾਇਕ ਨੇ ਮਸ਼ੀਨੀ ਸਫ਼ਾਈ ਦਾ ਉਦਘਾਟਨ ਕਰਕੇ ਕੌਂਸਲਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ: ਮੇਅਰ ਜੀਤੀ ਸਿੱਧੂ

ਮੇਅਰ ਨੇ ਫੌਕੀ ਵਾਹਾ-ਵਾਹੀ ਖੱਟਣ ਅਤੇ ਨਗਰ ਨਿਗਮ ਦੇ ਕੰਮਾਂ ਵਿੱਚ ਦਖ਼ਲਅੰਦਾਜੀ ਕਰਨ ਦਾ ਲਾਇਆ ਦੋਸ਼

ਨਬਜ਼-ਏ-ਪੰਜਾਬ, ਮੁਹਾਲੀ, 7 ਨਵੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਨਗਰ ਨਿਗਮ ਵੱਲੋਂ ਖਰੀਦੀਆਂ ਮਕੈਨਿਕਲ ਸਫਾਈ ਦੀਆਂ ਮਸ਼ੀਨਾਂ ਦਾ ਉਦਘਾਟਨ ਕਰਕੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਨਿਗਮ ਦੇ ਚੁਣੇ ਹੋਏ ਲੋਕ ਨੁਮਾਇੰਦਿਆਂ ਦੇ ਹੱਕ ਉੱਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅੱਜ ਵਿਧਾਇਕ ਕੁਲਵੰਤ ਸਿੰਘ ਵਲੋਂ ਆਪਣੇ ਦਫ਼ਤਰ ਦੇ ਨੇੜੇ ਦੋਵਾਂ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ ਅਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਜਦੋਂਕਿ ਉਹ (ਮੇਅਰ) ਇਨ੍ਹਾਂ ਮਸ਼ੀਨਾਂ ਦੀ ਉਡੀਕ ਵਿੱਚ ਆਪਣੇ ਦਫ਼ਤਰ ਵਿੱਚ ਕੌਂਸਲਰਾਂ ਸਮੇਤ ਬੈਠੇ ਰਹੇ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਏ ਸੜਕਾਂ ਵਾਸਤੇ ਦੋ ਮਸ਼ੀਨਾਂ ਆਈਆਂ ਸਨ, ਉਦੋਂ ਵੀ ਵਿਧਾਇਕ ਨੇ ਇਸੇ ਤਰ੍ਹਾਂ ਨਿਗਮ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਹੱਕ ਉੱਤੇ ਡਾਕਾ ਮਾਰਦਿਆਂ ਇਨ੍ਹਾਂ ਦਾ ਉਦਘਾਟਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਇਹ ਮਸ਼ੀਨਾਂ ਨਿਗਮ ਦੀ ਪ੍ਰਾਪਰਟੀ ਹਨ ਤਾਂ ਵਿਧਾਇਕ ਵਲੋਂ ਇਨ੍ਹਾਂ ਦਾ ਨਿਗਮ ਤੋਂ ਬਾਹਰ ਉਦਘਾਟਨ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਹੁਣ ਮੋਹਾਲੀ ਦੀਆਂ ਬੀ ਸੜਕਾਂ ਵਾਸਤੇ ਦੋ ਮਸ਼ੀਨਾਂ ਆਈਆਂ ਹਨ ਤਾਂ ਇਨ੍ਹਾਂ ਦਾ ਉਦਘਾਟਨ ਕਰਨ ਦੀ ਵੀ ਵਿਧਾਇਕ ਨੂੰ ਕਾਹਲੀ ਪੈ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਉਦਘਾਟਨ ਦੀ ਜਾਣਕਾਰੀ ਤੱਕ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਚੰਗਾ ਇਹ ਹੁੰਦਾ ਕਿ ਵਿਧਾਇਕ ਕੁਲਵੰਤ ਸਿੰਘ ਸੌੜੀ ਰਾਜਨੀਤੀ ਕਰਨ ਦੀ ਥਾਂ ਮੋਹਾਲੀ ਨਗਰ ਨਿਗਮ ਵਿਚ ਆਉਂਦੇ ਅਤੇ ਉਹ ਖੁਦ ਉਨ੍ਹਾਂ ਦਾ ਸਵਾਗਤ ਕਰਦੇ ਪਰ ਅਜਿਹਾ ਨਾ ਕਰਕੇ ਵਿਧਾਇਕ ਨੇ ਤਾਂ ਨਿਗਮ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਲੋਕਤਾਂਤਰਿਕ ਹਕਾਂ ਦਾ ਮਜਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਿਗਮ ਕਮਿਸ਼ਨਰ ਨੂੰ ਵੀ ਅਗਾਉਂ ਸੁਨੇਹਾ ਲਾਇਆ ਸੀ ਕਿ ਇਹ ਬੇਹੱਦ ਬਦਕਿਸਮਤੀ ਵਾਲੀ ਗੱਲ ਹੈ ਕਿ ਵਿਧਾਇਕ ਨਿਗਮ ਦੀ ਜਾਇਦਾਦ ਨਾਲ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾਂ ਪਹਿਲਾਂ ਮੋਹਾਲੀ ਨਗਰ ਨਿਗਮ ਦੇ ਦਫਤਰ ਆਉਣੀਆਂ ਚਾਹੀਦੀਆਂ ਸਨ ਅਤੇ ਵਿਧਾਇਕ ਦਾ ਇੱਥੇ ਆਉਣ ਤੇ ਪੂਰਾ ਸਨਮਾਨ ਵੀ ਕੀਤਾ ਜਾਂਦਾ ਅਤੇ ਉਹ ਇੱਥੇ ਇਨ੍ਹਾਂ ਮਸ਼ੀਨਾਂ ਦੇ ਉਦਘਾਟਨੀ ਸਮਾਗਮ ਦਾ ਹਿੱਸਾ ਬਣ ਸਕਦੇ ਸਨ।
ਉਨ੍ਹਾਂ ਸਮੂਹ ਕੌਂਸਲਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਵਾਰਡ ਦੇ ਲੋਕਾਂ ਨੂੰ ਦੱਸਣ ਕਿ ਇਕ ਪਾਸੇ ਵਿਧਾਇਕ ਮੁਹਾਲੀ ਵਿੱਚ ਸਫ਼ਾਈ ਦੀ ਮਾੜੀ ਹਾਲਤ ਦਾ ਰੌਲਾ ਪਾਉਂਦੇ ਹਨ ਅਤੇ ਦੂਜੇ ਪਾਸੇ ਸਫਾਈ ਮਸ਼ੀਨਾਂ ਦਾ ਉਦਘਾਟਨ ਕਰਕੇ ਫੋਕੀ ਵਾਹਵਾਹੀ ਖੱਟਦੇ ਹਨ। ਉਨ੍ਹਾਂ ਕਿਹਾ ਕਿ ਇਸਦੇ ਸੰਦੇਸ਼ ਮਾੜਾ ਜਾਂਦਾ ਹੈ ਅਤੇ ਵਿਧਾਇਕ ਨੂੰ ਨਿਗਮ ਦੇ ਕੰਮਾਂ ਵਿਚ ਇਸ ਤਰ੍ਹਾਂ ਦਖਲਅੰਦਾਜੀ ਨਹੀਂ ਕਰਨੀ ਚਾਹੀਦੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …