ਖੋਖਾ ਮਾਰਕੀਟਾਂ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਣ ਲਈ ‘ਆਪ’ ਵਿਧਾਇਕ ਦਾ ਸਨਮਾਨ
ਨਬਜ਼-ਏ-ਪੰਜਾਬ, ਮੁਹਾਲੀ, 28 ਫਰਵਰੀ:
ਮੁਹਾਲੀ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ ਵੱਲੋਂ ਫੇਜ਼-1 ਦੀ ਗੁਰੂ ਨਾਨਕ ਖੋਖਾ ਮਾਰਕੀਟ ਅਤੇ ਫੇਜ਼-7 ਦੀ ਰਾਜੀਵ ਗਾਂਧੀ ਖੋਖਾ ਮਾਰਕੀਟ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਣ ਲਈ ਅੱਜ ਦੋਵੇਂ ਮਾਰਕੀਟਾਂ ਦੇ ਵੱਡੀ ਗਿਣਤੀ ਦੁਕਾਨਦਾਰਾਂ ਨੇ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਖੋਖਾ ਮਾਰਕੀਟਾਂ ਦੇ ਦੁਕਾਨਦਾਰਾਂ ਨੂੰ ਪੱਕੇ ਬੂਥ ਬਣਾ ਕੇ ਦੇਣ ਜਾਂ ਅਲਾਟ ਕਰਨ ਦੀ ਮੰਗ ਕੀਤੀ ਸੀ। ਇਸ ਸਬੰਧੀ ਪੁੱਡਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਬੰਧਤ ਦੁਕਾਨਦਾਰਾਂ ਨੂੰ ਢੁਕਵੀਂ ਥਾਂ ’ਤੇ ਪੱਕੇ ਬੂਥ ਬਣਾ ਕੇ ਦੇਣ ਸਬੰਧੀ ਹਾਊਸ ਵਿੱਚ ਭਰੋਸਾ ਦਿੱਤਾ ਸੀ। ਕਾਬਿਲੇਗੌਰ ਹੈ ਕਿ ਗਮਾਡਾ ਵੱਲੋਂ ਤਿੰਨ ਸਾਲ ਪਹਿਲਾਂ ਹੀ ਸੈਕਟਰ-65 ਵਿਖੇ ਮੋਟਰ ਮਾਰਕੀਟ ਬਣਾਈ ਜਾ ਚੁੱਕੀ ਹੈ ਲੇਕਿਨ ਸਰਵੇ ਮੁਤਾਬਕ ਹੁਣ ਤੱਕ ਸਬੰਧਤ ਦੁਕਾਨਦਾਰਾਂ ਨੂੰ ਉੱਥੇ ਸ਼ਿਫ਼ਟ ਨਹੀਂ ਕੀਤਾ ਗਿਆ।
ਇਸ ਮੌਕੇ ਰੇਹੜੀ ਮਾਰਕੀਟ ਫੇਜ਼-7 ਦੇ ਪ੍ਰਧਾਨ ਰਾਮ ਗੋਪਾਲ ਬਾਂਸਲ, ਮੋਟਰ ਮਾਰਕੀਟ ਫੇਜ਼-7 ਦੇ ਪ੍ਰਧਾਨ ਕਰਮ ਚੰਦ ਅਤੇ ਜਨਰਲ ਸਕੱਤਰ ਦੀਪਕ ਧੀਮਾਨ, ਖੋਖਾ ਮਾਰਕੀਟ ਫੇਜ਼-1 ਦੇ ਸਾਬਕਾ ਪ੍ਰਧਾਨ ਡੀਡੀ ਜੈਨ ਅਤੇ ਮੋਟਰ ਮਾਰਕੀਟ ਫੇਜ਼-1 ਦੇ ਪ੍ਰਧਾਨ ਫੌਜਾ ਸਿੰਘ ਨੇ ਕਿਹਾ ਕਿ ਉਹ ਪਿਛਲੇ ਚਾਰ ਦਹਾਕਿਆਂ ਤੋਂ ਕੱਚੇ ਖੋਖਿਆਂ ਵਿੱਚ ਕੰਮ ਕਰਦੇ ਆ ਰਹੇ ਹਨ ਅਤੇ ਹੁਣ ਤੱਕ ਉਨ੍ਹਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਪ੍ਰੰਤੂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਕੇ ਮੁਹਾਲੀ ਹਲਕੇ ਦੇ ਸੱਚੇ ਸੇਵਾਦਾਰ ਹੋਣ ਦਾ ਸਬੂਤ ਦਿੱਤਾ ਹੈ। ਪੀੜਤ ਦੁਕਾਨਦਾਰਾਂ ਨੇ ਉਹ ਆਪਣੀ ਇਸ ਜਾਇਜ਼ ਮੰਗ ਲੈ ਕੇ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਅਣਗਿਣਤ ਵਾਰ ਮਿਲਦੇ ਰਹੇ ਸਨ ਪ੍ਰੰਤੂ ਉਨ੍ਹਾਂ ਨੂੰ ਝੂਠੇ ਲਾਰਿਆਂ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪਿਆ ਲੇਕਿਨ ਹੁਣ ਉਨ੍ਹਾਂ ਨੂੰ ਪੱਕੇ ਬੂਥ ਮਿਲਣ ਦੀ ਆਸ ਬੱਝ ਗਈ ਹੈ।
ਇਸ ਮੌਕੇ ‘ਆਪ’ ਵਲੰਟੀਅਰ ਕੁਲਦੀਪ ਸਿੰਘ ਸਮਾਣਾ, ਸਟੇਟ ਐਵਾਰਡੀ ਫੂਲਰਾਜ ਸਿੰਘ, ਹਰਬਿੰਦਰ ਸਿੰਘ, ਹਰਪਾਲ ਸਿੰਘ ਚੰਨਾ, ਹਰਮੇਸ਼ ਸਿੰਘ ਕੁੰਭੜਾ, ਅਕਬਿੰਦਰ ਸਿੰਘ ਗੋਸਲ, ਭੀਮ ਸੈਨ ਸਮੇਤ ਹੋਰ ਪਤਵੰਤੇ ਮੌਜੂਦ ਸਨ।