
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਨਕਲੀ ਬੀਜ ਵੇਚਣ ਵਾਲਿਆਂ ਨੂੰ ਦਿੱਤੀ ਸਖ਼ਤ ਚਿਤਾਵਨੀ
ਸਾਉਣੀ ਦੀ ਫ਼ਸਲ ਆਧੁਨਿਕ ਤਰੀਕੇ ਨਾਲ ਤਿਆਰ ਕਰਨ ਲਈ ‘ਆਪ’ ਸਰਕਾਰ ਵਚਨਬੱਧ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਪੰਜਾਬ ਦੀ ਆਪ ਸਰਕਾਰ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦੇ ਹੋਏ ਆਧੁਨਿਕ ਖੇਤੀ ’ਤੇ ਜ਼ੋਰ ਦੇ ਰਹੀ ਹੈ। ਇਹ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੇ ਕਿਸਾਨ ਚੈਂਬਰ ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕੀਤਾ। ਇਸ ਮੌਕੇ ਸਾਉਣੀ ਦੀਆਂ ਫ਼ਸਲਾਂ ਦੇ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੇ ਇਸ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਅਤੇ ਪ੍ਰਦਰਸ਼ਨੀ ਦੌਰਾਨ ਖੇਤੀ ਦੇ ਅਤਿ-ਆਧੁਨਿਕ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਅੌਰਤਾਂ ਨੇ ਆਪਣੇ ਘਰੋਂ ਬਣਾ ਕੇ ਲਿਆਂਦੀਆਂ ਖਾਣਪੀਣ ਦੀਆਂ ਚੀਜ਼ਾਂ ਅਚਾਰ, ਮਿਡ-ਡੇਅ-ਮਿਲ ਅਤੇ ਹੋਰ ਕਈ ਚੀਜ਼ਾਂ ਦੇ ਸਟਾਲ ਲਗਾਏ ਗਏ।
ਕੁਲਵੰਤ ਸਿੰਘ ਨੇ ਕਿਹਾ ਕਿ ਆਉਣ ਵਾਲੀ ਸਾਉਣੀ ਦੀਆਂ ਫ਼ਸਲਾਂ ਦੇ ਬੀਜ ਅਤੇ ਬਿਜਾਈ ਸਬੰਧੀ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਇਹ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਕਿਸਾਨਾਂ ਨੂੰ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੀਜਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਧੁਨਿਕ ਤਰੀਕੇ ਨਾਲ ਅਜਿਹੀਆਂ ਫ਼ਸਲਾਂ ਬੀਜਣ ਜਿਨ੍ਹਾਂ ’ਤੇ ਘੱਟ ਖਰਚਾ ਆਵੇ ਅਤੇ ਮੁਨਾਫ਼ਾ ਵੱਧ ਮਿਲੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ, ਜਿਸ ਨਾਲ ਪਾਣੀ ਦੇ ਰੂਪ ਵਿੱਚ ਕੀਮਤੀ ਕੁਦਰਤੀ ਸਰੋਤ ਦੀ ਬੱਚਤ ਹੋਵੇ। ਨਾਲ ਹੀ ਵਿਧਾਇਕ ਨੇ ਨਕਲੀ ਬੀਜ ਵੇਚਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਗਲਤ ਕੰਮ ਕਰਦਾ ਹੈ ਤਾਂ ਫੌਰੀ ਬੰਦ ਕਰ ਦੇਵੇ, ਨਹੀਂ ਤਾਂ ਨਤੀਜਾ ਭੁਗਤਾਨ ਲਈ ਤਿਆਰ ਰਹੇ।
ਕੁਲਵੰਤ ਸਿੰਘ ਨੇ ਕਿਹਾ ਕਿ ਜਲਦੀ ਹੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਡੀਸੀ ਕੰਪਲੈਕਸ ਵਿੱਚ ‘ਕਿਸਾਨ ਹੱਟ’ ਬਣਾਈ ਜਾਵੇਗੀ। ਜਿਸ ਵਿੱਚ ਕਿਸਾਨ ਆਪਣੀਆਂ ਚੀਜ਼ਾਂ ਨੂੰ ਵੇਚ ਕੇ ਮੁਨਾਫ਼ਾ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਸਾਉਣੀ ਦੀ ਫ਼ਸਲ ਆਧੁਨਿਕ ਤਰੀਕੇ ਨਾਲ ਤਿਆਰ ਕਰਨ ਲਈ ਮੁੱਖ ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਬੇਮੌਸਮੀ ਬਾਰਸ਼ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਪੀੜਤ ਕਿਸਾਨਾਂ ਨੂੰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਯੋਗ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਐਸਡੀਐਮ ਸਰਬਜੀਤ ਕੌਰ, ਅਵਤਾਰ ਸਿੰਘ ਮੌਲੀ ਬੈਦਵਾਨ, ਛੱਜਾ ਸਿੰਘ ਸਰਪੰਚ ਕੁਰੜੀ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਸਤਵਿੰਦਰ ਸਿੰਘ ਮਿੱਠੂ, ਹਰਜੋਤ ਸਿੰਘ ਗੱਬਰ, ਗੁਰਜੰਟ ਸਿੰਘ ਭਾਗੋਮਾਜਰਾ), ਨਿਰਮਲ ਸਿੰਘ ਕੁਰੜੀ, ਰਮੇਸ਼ਵਰ ਸਨੇਟਾ ਅਤੇ ਸਤਵਿੰਦਰ ਸਿੰਘ ਲਾਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।