‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਵੱਖਵੱਖ ਪਿੰਡਾਂ ਵਿਕਾਸ ਕਾਰਜਾਂ ਦੇ ਕਈ ਨੀਂਹ ਪੱਥਰ ਰੱਖੇ
ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ‘ਆਪ’ ਸਰਕਾਰ ਵਚਨਬੱਧ: ਕੁਲਵੰਤ ਸਿੰਘ
ਨਬਜ਼-ਏ-ਪੰਜਾਬ, ਮੁਹਾਲੀ, 6 ਮਾਰਚ:
ਪੰਜਾਬ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਹ ਪ੍ਰਗਟਾਵਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਜਗਤਪੁਰਾ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਾਲਿਡ ਵੇਸਟ ਮੈਨੇਜਮੈਂਟ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇੱਥੇ ਹੀ ਉਨ੍ਹਾਂ ਨੇ ਲਗਪਗ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਂਗਨਵਾੜੀ ਸੈਂਟਰ ਦਾ ਵੀ ਨੀਂਹ ਪੱਥਰ ਰੱਖਿਆ।
ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਬਿਹਤਰ ਬਣਾਉਣ ਲਈ ਜਲਦੀ ਹੀ ਇੱਕ ਨਵਾਂ ਟਿਊਬਵੈੱਲ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਪਿੰਡ ਦੀਆਂ ਗਲੀਆਂ-ਨਾਲੀਆਂ ਅਤੇ ਹੋਰ ਕੰਮ ਵੀ ਜਲਦ ਕਰਵਾਏ ਜਾਣਗੇ। ਪਿੰਡ ਜਗਤਪੁਰਾ ਅਤੇ ਕਲੋਨੀ ਦੀ ਵੱਖੋ-ਵੱਖਰੀ ਪੰਚਾਇਤਾਂ ਬਣਾਉਣ ਸਬੰਧੀ ਪੁੱਛੇ ਜਾਣ ’ਤੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਪਹਿਲਾਂ ਹੀ ਲਿਖ ਕੇ ਭੇਜਿਆ ਹੋਇਆ ਹੈ ਅਤੇ ਜਲਦੀ ਹੀ ਲੋਕਹਿੱਤ ਵਿੱਚ ਫ਼ੈਸਲਾ ਹੋਣ ਦੀ ਉਮੀਦ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਬਾਰੇ ਪੁਲੀਸ ਨੂੰ ਫੌਰੀ ਇਤਲਾਹ ਦਿੱਤੀ ਜਾਵੇ।
ਇਸ ਤੋਂ ਬਾਅਦ ਵਿਧਾਇਕ ਕੁਲਵੰਤ ਸਿੰਘ ਨੇ ਨਜ਼ਦੀਕੀ ਪਿੰਡ ਧਰਮਗੜ੍ਹ ਵਿਖੇ ਲਗਪਗ 22 ਲੱਖ ਰੁਪਏ ਦੀ ਲਾਗਤ ਨਾਲ 280 ਮੀਟਰ ਡੂੰਘੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਲਗਾਏ ਗਏ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਪੀਣ ਲਈ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜੇਕਰ ਪੰਜਾਬ ਵਾਸੀਆਂ ਨੂੰ ਸ਼ੁੱਧ ਪਾਣੀ ਮਿਲੇਗਾ ਤਾਂ ਹੀ ਉਹ ਸਿਹਤਮੰਦ ਰਹਿਣਗੇ ਕਿਉਂਕਿ ਜ਼ਿਆਦਾਤਰ ਬੀਮਾਰੀਆਂ ਪ੍ਰਦੂਸ਼ਿਤ ਪਾਣੀ ਕਾਰਨ ਫੈਲ ਰਹੀਆਂ ਹਨ।
ਇਸ ਮੌਕੇ ਜੇਈ ਜਸਪਾਲ ਮਸੀਂਹ, ਸਮਾਜ ਸੇਵੀ ਰਣਜੀਤ ਰਾਣਾ, ਕਲੋਨੀ ਪ੍ਰਧਾਨ ਧੀਰਜ ਕੁਮਾਰ ਗੌਰੀ, ਕਰਮਜੀਤ ਕਾਲਾ, ਸਤਵਿੰਦਰ ਲਾਲਾ, ਦਵਿੰਦਰ ਸਿੰਘ ਸਰਪੰਚ, ਐਕਸੀਅਨ ਰਮਨਪ੍ਰੀਤ ਸਿੰਘ, ਐਸਡੀਓ ਰਜਿੰਦਰ ਸਚਦੇਵਾ, ਆਰਪੀ ਸ਼ਰਮਾ, ਹਰਵਿੰਦਰ ਲਾਡੀ, ਸੁਰਿੰਦਰ ਸਿੰਘ, ਜੱਗਾ ਧਰਮਗੜ੍ਹ ਸਮੇਤ ਹੋਰ ਪਤਵੰਤੇ ਹਾਜ਼ਰ ਸਨ।