‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੇ ਪਾਰਟੀ ਦਫ਼ਤਰ ਵਿੱਚ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਵੀ ਹਾਜ਼ਰ ਸਨ। ਲੋਕਾਂ ਨੇ ਦੱਸਿਆ ਕਿ ਸ਼ਾਮ ਢਲਦੇ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਪ੍ਰੰਤੂ ਕਾਫ਼ੀ ਸੜਕਾਂ ’ਤੇ ਸਟਰੀਟ ਲਾਈਟ ਨਾ ਜਗਣ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਕਈ ਲੋਕਾਂ ਨੇ ਪਾਰਕਾਂ ਦੀ ਮਾੜੀ ਹਾਲਤ ਦਾ ਮੁੱਦਾ ਵੀ ਚੁੱਕਿਆ। ਇਸ ਤੋਂ ਇਲਾਵਾ ਸ਼ਹਿਰ ਦੀਆਂ ਕਈ ਸੜਕਾਂ ਟੁੱਟੀਆਂ ਹੋਣ ਅਤੇ ਫੇਜ਼-7 ਤੋਂ ਫੇਜ਼-11 ਤੱਕ ਸੜਕ ਨੂੰ ਚੌੜਾ ਕਰਕੇ ਬਣਾਉਣ ਦਾ ਕੰਮ ਅਤੇ ਬਾਵਾ ਵਾਈਟ ਹਾਊਸ ਤੋਂ ਸੈਕਟਰ-57 ਤੱਕ ਦਾ ਕੰਮ ਠੰਢੇ ਬਸਤੇ ਵਿੱਚ ਪੈਣ ਕਾਰਨ ਸ਼ਹਿਰ ਵਾਸੀ ਕਾਫ਼ੀ ਅੌਖੇ ਹਨ। ਇੰਜ ਹੀ ਕਈ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਦੀ ਮੰਗ ਵੀ ਕੀਤੀ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਕਤ ਸਾਰੇ ਮਸਲਿਆਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦਾ ਉਨ੍ਹਾਂ ਨੇ ਖ਼ੁਦ ਹੀ ਨਿਰੀਖਣ ਕੀਤਾ ਹੈ। ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਖੇਤਰ ਵਿੱਚ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਨੇਪਰੇ ਚਾੜ੍ਹਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪਾਰਕਾਂ ਦੇ ਰੱਖ-ਰਖਾਅ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਧਾਇਕ ਨੇ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਕੰਡਾਲਾ ਤੋਂ ਜਗਤਪੁਰਾ ਸੜਕ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਬੀਤੇ ਦਿਨੀਂ ਹੀ ਪਿੰਡ ਬਠਲਾਣਾ ਤੋਂ ਗੁਡਾਣਾ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਚੱਪੜਚਿੜੀ ਸੜਕ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਆਂ ਪੰਚਾਇਤਾਂ ਨੂੰ ਹੋਣ ਵਾਲੇ ਕੰਮਾਂ ਸਬੰਧੀ ਮਤੇ ਪਾਸ ਕਰਕੇ ਭੇਜਣ ਲਈ ਕਿਹਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।