‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਪਾਰਟੀ ਦਫ਼ਤਰ ਵਿੱਚ ਲਾਇਆ ਖੁੱਲ੍ਹਾ ਦਰਬਾਰ

ਨਬਜ਼-ਏ-ਪੰਜਾਬ, ਮੁਹਾਲੀ, 23 ਅਪਰੈਲ:
ਇੱਥੋਂ ਦੇ ਸੈਕਟਰ-79 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਖੁੱਲ੍ਹਾ ਦਰਬਾਰ ਲਗਾ ਕੇ ਸ਼ਹਿਰੀ ਅਤੇ ਪੇਂਡੂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਲੋਕਾਂ ਨੇ ਸ਼ਹਿਰੀ ਸੜਕਾਂ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ, ਸਫ਼ਾਈ ਵਿਵਸਥਾ, ਘਰੇਲੂ ਹਿੰਸਾ, ਜ਼ਮੀਨਾਂ ’ਤੇ ਕਬਜ਼ੇ, ਧਰਮਸ਼ਾਲਾ ਬਣਾਉਣ, ਨੰਬਰਦਾਰੀ ਕੇਸ ਅਤੇ ਪੁਲੀਸ ਥਾਣਿਆਂ ਵਿੱਚ ਲੰਬਿਤ ਕੇਸਾਂ ਦੇ ਮੁੱਦੇ ਚੁੱਕੇ।
ਸੁਖਬੀਰ ਸਿੰਘ ਨੇ ਪਿੰਡ ਮਟਰਾਂ ਵਿੱਚ ਧਰਮਸ਼ਾਲਾ ਬਣਾਉਣਾ, ਬਲਵਿੰਦਰ ਸਿੰਘ ਨੇ ਉਸ ਦੇ ਕੈਬਿਨ ’ਤੇ ਇੱਕ ਵਕੀਲ ਵੱਲੋਂ ਜਬਰੀ ਕਬਜ਼ਾ ਕਰਨ, ਜਸਪ੍ਰੀਤ ਸਿੰਘ ਨੇ ਰੁਜ਼ਗਾਰ ਮੁਹੱਈਆ ਕਰਵਾਉਣ, ਮੁੱਖ ਅਧਿਆਪਕ ਗੁਰਜੀਤ ਸਿੰਘ ਨੇ ਮੁਹਾਲੀ ਵਿੱਚ ਬਦਲੀ ਕਰਵਾਉਣ, ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੁਸਾਇਟੀ ਦੇ ਚੇਅਰਮੈਨ ਪ੍ਰਵੀਨ ਟਾਂਕ ਨੇ ਐਰੋਸਿਟੀ ਬਲਾਕ ‘ਏ’, ਅਤੇ ਆਈਟੀ ਸਿਟੀ ਵਿੱਚ ਇੱਕ ਸਾਬਕਾ ਸਰਪੰਚ ਵੱਲੋਂ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਪਾਉਣ ਬਾਰੇ ਸ਼ਿਕਾਇਤ ਦਿੱਤੀ। ਜਗਤਾਰ ਸਿੰਘ ਪਿੰਡ ਮਟਰਾਂ ਨੇ ਨੰਬਰਦਾਰੀ ਕੇਸ ਦਾ ਨਿਬੇੜਾ ਕਰਨ ਦੀ ਗੁਹਾਰ ਲਗਾਈ।
ਡਾ. ਅਮਰਜੀਤ ਸਿੰਘ ਅਤੇ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗਰਗ ਨੇ ਪਿੰਡ ਰੁੜਕਾ ਦੀ ਲਿੰਕ ਸੜਕ ਦੀ ਮੁਰੰਮਤ ਸਮੇਤ ਐਰੋਸਿਟੀ ਬਲਾਕ ‘ਏ’ ਤੇ ‘ਬ’ ਵਿੱਚ ਅੰਦਰਲੀ ਸੜਕਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ। ਅਵਤਾਰ ਸਿੰਘ ਪਿੰਡ ਗੁਡਾਣਾ ਨੇ ਆਪਣੇ ਪੁਰਾਣੇ ਘਰ ਦੀ ਮੁਰੰਮਤ ਅਤੇ ਨਵੀਂ ਉਸਾਰੀ ਕਰਨ ਵਿੱਚ ਆ ਰਹੀਆਂ ਦਿੱਕਤਾਂ ਦਾ ਮੁੱਦਾ ਚੁੱਕਿਆ। ਯੂਨਾਈਟਿਡ ਸੁਸਾਇਟੀ ਸੈਕਟਰ-68 ਦੇ ਵਸਨੀਕ ਬਿਕਰਮਜੀਤ ਸਿੰਘ ਭੁੱਲਰ ਨੇ ਸੋਹਾਣਾ ਥਾਣੇ ਵਿੱਚ ਦਰਜ ਹਮਲੇ ਦੇ ਕੇਸ ਸਬੰਧੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਬੜੇ ਠਰੰ੍ਹਮੇ ਨਾਲ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਸਿੱਖਿਆ ਮੰਤਰੀ ਨੂੰ ਸਿਫ਼ਾਰਸ਼ ਕੀਤੀ ਅਤੇ ਬੀਡੀਪੀਓ, ਡੀਐਸਪੀ ਅਤੇ ਪੀਡਬਲਿਊਡੀ ਵਿਭਾਗ ਦੇ ਅਧਿਕਾਰੀਆਂ ਨੂੰ ਸਬੰਧਤ ਮਸਲਿਆਂ ਦਾ ਸਮੇਂ ਸਿਰ ਹੱਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੁੱਖ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਵਿਕਾਸ ਨੂੰ ਤਰਜੀਹ ਦੇ ਰਹੀ ਹੈ। ਲਿੰਕ ਸੜਕਾਂ ਦੀ ਮੁਰੰਮਤ ਲਈ ਸਰਕਾਰ ਨੂੰ 15 ਕਰੋੜ ਦੇ ਐਸਟੀਮੇਟ ਬਣਾ ਕੇ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਰਕਾਰ ਦੇ ਕੰਮਾਂ ਤੋਂ ਖ਼ੁਸ਼ ਹਨ।
ਇਸ ਮੌਕੇ ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਡਾ. ਕੁਲਦੀਪ ਸਿੰਘ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਬਿੱਲਾ ਮਟੌਰ, ਗੁਰਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles

Check Also

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’ ਨਬਜ਼-ਏ-ਪੰਜਾਬ, ਮੁਹਾਲੀ, 29 ਅਪਰ…