‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਸਮਰਥਕਾਂ ਨਾਲ ਮੀਟਿੰਗ ਕਰਕੇ ਘੜੀ ਅਗਲੀ ਰਣਨੀਤੀ

ਕਾਂਗਰਸੀਆਂ ਵੱਲੋਂ ਲੋਕਾਂ ’ਤੇ ਦਰਜ ਕਰਵਾਏ ਝੂਠੇ ਕੇਸਾਂ ਦੀ ਜਾਂਚ ਕਰਵਾਈ ਜਾਵੇਗੀ: ਕੁਲਵੰਤ ਸਿੰਘ

ਆਂਗਨਵਾੜੀ ਵਰਕਰਾਂ ਅਤੇ ਸਿੱਖਿਆ ਬੋਰਡ ਮੁਲਾਜ਼ਮਾਂ ਨੇ ਵੀ ਕੀਤੀ ਨਵੇਂ ਵਿਧਾਇਕ ਨਾਲ ਮੁਲਾਕਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਮੁਹਾਲੀ ਤੋਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਹਰਾ ਕੇ ਪਹਿਲੀ ਵਾਰ ਵਿਧਾਇਕ ਆਪ ਆਗੂ ਕੁਲਵੰਤ ਸਿੰਘ ਨੇ ਅੱਜ ਆਪਣੇ ਸਮਰਥਕਾਂ ਨਾਲ ਦਫ਼ਤਰ ਵਿੱਚ ਬੈਠ ਕੇ ਅਗਲੀ ਰਣਨੀਤੀ ਘੜੀ ਅਤੇ ਲੋਕਾਂ ਦੀਆਂ ਵਧਾਈਆਂ ਕਬੂਲ ਕੀਤੀਆਂ। ਅੱਜ ਸਾਰਾ ਦਿਨ ਆਪ ਵਿਧਾਇਕ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਹਰ ਕੋਈ ਉਨ੍ਹਾਂ ਨਾਲ ਸੈਲਫ਼ੀ ਲੈਣ ਅਤੇ ਫੋਟੋ ਖਿਚਵਾਉਣ ਲਈ ਉਤਾਵਲਾ ਦਿਖਾਈ ਦੇ ਰਿਹਾ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਕੀਤੇ ਜਾਣਗੇ ਅਤੇ ਕਾਂਗਰਸ ਸਰਕਾਰ ਵੇਲੇ ਹੁਕਮਰਾਨਾਂ ਵੱਲੋਂ ਆਪਣੇ ਅਹੁਦੇ ਦੀ ਕਥਿਤ ਦੁਰਵਰਤੋਂ ਕਰਕੇ ਵਿਰੋਧੀਆਂ ਖ਼ਿਲਾਫ਼ ਦਰਜ ਕਰਵਾਏ ਝੂਠੇ ਪਰਚਿਆਂ ਦੀ ਨਵੇਂ ਸਿਰਿਓਂ ਪੜਤਾਲ ਕਰਵਾ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਉਨ੍ਹਾਂ ਨੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਕਿਹਾ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸਮੇਂ ਸਿਰ ਲੋਕਾਂ ਦੇ ਕੰਮ ਹੋਣਗੇ। ਉਨ੍ਹਾਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।

ਉਧਰ, ਆਂਗਨਵਾੜੀ ਵਰਕਰਾਂ ਅਤੇ ਸਿੱਖਿਆ ਬੋਰਡ ਦੇ ਕੱਚੇ ਮੁਲਾਜ਼ਮਾਂ ਨੇ ‘ਆਪ’ ਵਿਧਾਇਕ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਯੋਗ ਪੈਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਮੁਲਾਜ਼ਮਾਂ ਦੀ ਬਾਂਹ ਨਹੀਂ ਫੜੀ ਹੈ ਅਤੇ ਉਹ ਪਿਛਲੇ ਕਾਫ਼ੀ ਸਮੇਂ ਤੋਂ ਖੱਜਲਖੁਆਰ ਹੋ ਰਹੇ ਹਨ ਅਤੇ ਧਰਨੇ ਮੁਜ਼ਾਹਰਿਆਂ ਦਾ ਵੀ ਪਹਿਲੇ ਹੁਕਮਰਾਨਾਂ ’ਤੇ ਕੋਈ ਅਸਰ ਨਹੀਂ ਹੋਇਆ। ਵਿਧਾਇਕ ਕੁਲਵੰਤ ਸਿੰਘ ਨੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਰੂਲਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।

ਇਸ ਮੌਕੇ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ ਬੈਦਵਾਨ, ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਰਮਨਪ੍ਰੀਤ ਕੌਰ ਕੁੰਭੜਾ, ਸਰਬਜੀਤ ਸਿੰਘ ਸਮਾਣਾ, ਰਾਜਵੀਰ ਕੌਰ ਗਿੱਲ, ਸਾਬਕਾ ਕੌਂਸਲਰ ਕਮਲਜੀਤ ਕੌਰ, ਆਰਪੀ ਸ਼ਰਮਾ, ਪਰਮਜੀਤ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰੋਡਾ, ਫੂਲਰਾਜ ਸਿੰਘ, ਰਜਿੰਦਰ ਕੌਰ ਕੁੰਭੜਾ, ਗੁਰਮੁੱਖ ਸਿੰਘ ਸੋਹਲ, ਸੁਖਮਿੰਦਰ ਸਿੰਘ ਬਰਨਾਲਾ ਸਮੇਤ ਸਮਾਜ ਸੇਵੀ ਬਲਰਾਜ ਸਿੰਘ ਗਿੱਲ, ਬਲਬੀਰ ਸਿੰਘ ਸੋਹਲ, ਹਰਮੇਸ਼ ਸਿੰਘ ਕੁੰਭੜਾ, ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ ਸ਼ਿਕਾਇਤਕਰਤਾ ਅਨੁਸਾਰ ਐਸਐਚਓ…