
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਅੌਰਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਵਿੱਚ ਵਰਕਿੰਗ ਵਿਮੈਨ ਹੋਸਟਲ ਬਣਾਉਣ ਦਾ ਮੁੱਦਾ ਚੁੱਕਿਆ
ਸਾਲ 2026 ਦੇ ਅੰਤ ਤੱਕ 3 ਵਿਮੈਨ ਹੋਸਟਲਾਂ ਦੀ ਉਸਾਰੀ ਪੂਰੀ ਹੋਣ ਦੀ ਸੰਭਾਵਨਾ: ਡਾ. ਬਲਜੀਤ ਕੌਰ
ਨਬਜ਼-ਏ-ਪੰਜਾਬ, ਮੁਹਾਲੀ, 28 ਮਾਰਚ:
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ਵਿੱਚ ਕੰਮਕਾਜੀ ਅੌਰਤਾਂ ਦੀ ਸਹੂਲਤ ਲਈ ਵਰਕਿੰਗ ਹੋਸਟਲ ਬਣਾਉਣ ਦੀ ਗੁਹਾਰ ਲਗਾਈ ਹੈ। ਅੌਰਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਮੁਹਾਲੀ ਐਜੂਸਿਟੀ, ਮੈਡੀਸਿਟੀ, ਆਈਟੀ ਸਿਟੀ ਹੱਬ ਬਣਦਾ ਜਾ ਰਿਹਾ ਹੈ। ਇੱਥੇ ਦੁਰ-ਦੂਰਾਡੇ ਦੀਆਂ ਬਹੁਤ ਸਾਰੀਆਂ ਅੌਰਤਾਂ ਕੰਮ ਕਰ ਰਹੀਆਂ ਹਨ ਅਤੇ ਹਮੇਸ਼ਾ ਉਨ੍ਹਾਂ ਦੀ ਲੁੱਟ-ਖਸੁੱਟ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਮੁਹਾਲੀ ਵਿੱਚ ਸਰਕਾਰੀ ਅਦਾਰਿਆਂ, ਪ੍ਰਾਈਵੇਟ ਕੰਪਨੀਆਂ ਵਿੱਚ ਵੀ ਅੌਰਤਾਂ ਕੰਮ ਕਰਦੀਆਂ ਹਨ ਅਤੇ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ, ਇੰਸਟੀਚਿਊਟਾਂ ਵਿੱਚ ਮਿਆਰੀ ਸਿੱਖਿਆ ਹਾਸਲ ਕਰਨ ਸਮੇਤ ਆਈਲੈਟਸ ਕਰ ਰਹੀਆਂ ਹਨ। ਇਸ ਲਈ ਮੁਹਾਲੀ ਵਿੱਚ ਵਰਕਿੰਗ ਵਿਮੈਨ ਹੋਸਟਲ ਬਣਾਉਣ ਦੀ ਬਹੁਤ ਲੋੜ ਹੈ। ਉਨ੍ਹਾਂ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਤੋਂ ਸਵਾਲ ਪੁੱਛਿਆ ਕਿ ਜੇਕਰ ਵਿਮੈਨ ਹੋਸਟਲ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ? ਤਾਂ ਦੱਸਿਆ ਜਾਵੇ ਕਦੋਂ ਤੱਕ ਬਣ ਕੇ ਤਿਆਰ ਹੋ ਜਾਵੇਗਾ?
ਇਸ ਬਾਬਤ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁਹਾਲੀ ਵਿੱਚ ਤਿੰਨ ਵਰਕਿੰਗ ਵਿਮੈਨ ਹੋਸਟਲ ਬਣਾਉਣ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ। ਮੁਹਾਲੀ ਦੇ ਸੈਕਟਰ-79 ਵਿੱਚ 0.98 ਏਕੜ ਜ਼ਮੀਨ ਵਿੱਚ 100 ਕੰਮਕਾਜੀ ਅੌਰਤਾਂ ਲਈ 12.57 ਕਰੋੜ ਦੀ ਲਾਗਤ ਨਾਲ ਵਰਕਿੰਗ ਵਿਮੈਨ ਹੋਸਟਲ ਬਣਾਇਆ ਜਾਣਾ ਹੈ। ਜਿਸ ਦੀ ਉਸਾਰੀ ਦਾ ਕੇਸ ਨਿਰਭਯਾ ਫੰਡ ਅਧੀਨ ਪ੍ਰਵਾਨ ਹੋ ਚੁੱਕਾ ਹੈ। ਇਸ ਰਾਸ਼ੀ ਦਾ 60 ਫੀਸਦੀ (7.54 ਕਰੋੜ) ਭਾਰਤ ਸਰਕਾਰ ਵੱਲੋਂ ਨਿਰਭਯਾ ਫੰਡ ’ਚੋਂ ਦਿੱਤਾ ਜਾਵੇਗਾ ਜਦੋਂਕਿ 40 ਫੀਸਦੀ (5.03 ਕਰੋੜ) ਸੂਬਾ ਸਰਕਾਰ ਖ਼ਰਚੇਗੀ।
ਭਾਰਤ ਸਰਕਾਰ ਤੋਂ ਰਾਸ਼ੀ ਛੇਤੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ, ਇਸ ਉਪਰੰਤ ਮੁਹਾਲੀ ਵਿੱਚ ਵਿਮੈਨ ਹੋਸਟਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਇੰਜ ਹੀ ਮੁਹਾਲੀ ਦੇ ਸੈਕਟਰ-66 ਵਿੱਚ ਗਮਾਡਾ ਵੱਲੋਂ 5 ਏਕੜ ਦੇ ਪਲਾਟ ਦੀ ਸ਼ਨਾਖ਼ਤ ਇਸ ਮੰਤਵ ਲਈ ਕੀਤੀ ਗਈ ਹੈ। ਇਸ ਪਲਾਟ ਵਿੱਚ 3.5 ਏਕੜ ਵਿੱਚ 350 ਕੰਮਕਾਜੀ ਅੌਰਤ ਲਈ ਰੁਪਏ 73.85 ਕਰੋੜ ਦੀ ਲਾਗਤ ਨਾਲ ਵਰਕਿੰਗ ਵਿਮੈਨ ਹੋਸਟਲ ਬਣਾਉਣ ਦਾ ਕੇਸ ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ ਸਕੀਮ ਅਧੀਨ ਫੰਡਾਂ ਲਈ ਮਨਜ਼ੂਰੀ ਭਾਰਤ ਸਰਕਾਰ ਤੋਂ ਪ੍ਰਾਪਤ ਹੋ ਗਈ ਹੈ। ਮੁਹਾਲੀ ਦੇ ਫੇਜ਼-1 ਵਿੱਚ ਨੈਸ਼ਨਲ ਇਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ ਵਿੱਚ 150 ਕੰਮਕਾਜੀ ਅੌਰਤਾਂ ਲਈ ਰੁਪਏ 25.26 ਕਰੋੜ ਦੀ ਲਾਗਤ ਨਾਲ ਵਰਕਿੰਗ ਵਿਮੈਨ ਹੋਸਟਲ ਬਣਾਉਣ ਲਈ ਲੋੜੀਂਦੇ ਫੰਡਾਂ ਦੀ ਮਨਜ਼ੂਰੀ ਕੇਂਦਰ ਸਰਕਾਰ ਤੋਂ ਪ੍ਰਾਪਤ ਹੋ ਗਈ ਹੈ। ਉਕਤ 3 ਹੋਸਟਲਾਂ ਦਾ ਐਸਟੀਮੇਟ ਅਤੇ ਟੈਂਡਰ ਲਗਾ ਕੇ ਉਸਾਰੀ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਹੋਸਟਲਾਂ ਦੀ ਉਸਾਰੀ ਸਾਲ 2026 ਦੇ ਅੰਤ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।