Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੀ ਮੋਟਰ ਮਾਰਕੀਟ ਨੂੰ ਲੈ ਕੇ ‘ਆਪ’ ਵਿਧਾਇਕ ਨੇ ਗਮਾਡਾ ਦੀ ਕਾਰਗੁਜ਼ਾਰੀ ’ਤੇ ਚੁੱਕੇ ਵੱਡੇ ਸਵਾਲ ਪ੍ਰਾਜੈਕਟ ਵਿੱਚ ਦੇਰੀ ਕਾਰਨ ਪੰਜਾਬ ਸਰਕਾਰ ਤੇ ਗਮਾਡਾ ਨੂੰ ਕਰੋੜਾਂ ਦਾ ਨੁਕਸਾਨ ਹੋਇਆ: ਕੁਲਵੰਤ ਸਿੰਘ ਮੁਹਾਲੀ ਦੀ ਮੋਟਰ ਮਾਰਕੀਟ ਵਿੱਚ ਬੂਥ ਤੇ ਦੁਕਾਨਾਂ ਛੇਤੀ ਅਲਾਟ ਕੀਤੀਆਂ ਜਾਣਗੀਆਂ: ਮੁੰਡੀਆਂ ਨਬਜ਼-ਏ-ਪੰਜਾਬ, ਮੁਹਾਲੀ, 25 ਫਰਵਰੀ: ਪੰਜਾਬ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੇ ਦੂਜੇ ਦਿਨ ਮੰਗਲਵਾਰ ਨੂੰ ਮੁਹਾਲੀ ਦੀ ਮੋਟਰ ਮਾਰਕੀਟ ਦਾ ਮੁੱਦਾ ਉੱਠਿਆ। ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਚੁੱਕਦਿਆਂ ਸਰਕਾਰ ਅਤੇ ਪੁੱਡਾ ਮੰਤਰੀ ਨੂੰ ਘੇਰਨ ਦੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਕਰੀਬ 500 ਮੋਟਰ ਮਕੈਨਿਕਾਂ ਨੂੰ ਬੂਥ ਅਲਾਟ ਕਰਨ ਲਈ 2019 ਵਿੱਚ ਡਰਾਅ ਕੱਢਿਆ ਗਿਆ ਸੀ। ਇਸ ਪ੍ਰਾਜੈਕਟ ਲਈ ਪਿੰਡ ਕੰਬਾਲੀ ਵਿੱਚ ਸਾਲ 2022 ਵਿੱਚ ਮਾਰਕੀਟ ਬਣ ਕੇ ਤਿਆਰ ਹੋਈ ਸੀ, ਜਿਸ ਵਿੱਚ ਫੇਜ਼-7 ਦੀ ਮੋਟਰ ਮਾਰਕੀਟ ਨੂੰ ਸ਼ਿਫ਼ਟ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਮਾਰਕੀਟ ਬਣੀ ਨੂੰ ਤਿੰਨ ਸਾਲ ਹੋ ਚੁੱਕੇ ਹਨ ਅਤੇ ਲੋਕਾਂ ਨੇ 10 ਫੀਸਦੀ ਪੈਸੇ ਦਿੱਤੇ ਹੋਏ ਹਨ। ਨਾਲ ਹੀ 300 ਅਲਾਟਮੈਂਟ ਵੀ ਹੋ ਚੁੱਕੀਆਂ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਤਿੰਨ ਸਾਲ ਬੀਤਣ ਤੋਂ ਬਾਅਦ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦੇ ਨੰਬਰ ਲਈ ਜਨਵਰੀ 2025 ਵਿੱਚ ਅਪਲਾਈ ਕੀਤਾ ਗਿਆ ਹੈ। ਇੱਥੇ ਜੋ ਡਿਵੈਲਪਮੈਂਟ ਹੋਈ ਸੀ, ਉਹ ਵੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਤਿੰਨ ਸਾਲ ਵਿੱਚ ਇਸਦਾ ਮੁੱਢਲਾ ਢਾਂਚਾ, ਸੜਕਾਂ, ਪਾਣੀ ਦੀ ਸਪਲਾਈ ਲਾਈਨ ਅਤੇ ਸੀਵਰੇਜ ਬਰਬਾਦ ਹੋ ਚੁੱਕਾ ਹੈ ਅਤੇ ਇਹ ਜਗ੍ਹਾ ਹੁਣ ਜੰਗਲ ਬਣ ਚੁੱਕੀ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ ਗਈਆਂ ਅਤੇ ਸੀਏ ਵੱਲੋਂ ਹੇਠਲੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਸਨ ਕਿ ਰੇਰਾ ਦਾ ਨੰਬਰ ਲਿਆ ਜਾਵੇ ਪਰ ਤਿੰਨ ਸਾਲ ਬੀਤ ਜਾਣ ਮਗਰੋਂ ਵੀ ਰੇਰਾ ਦਾ ਨੰਬਰ ਨਹੀਂ ਲਿਆ ਗਿਆ। ਇਸ ਨਾਲ ਲੋਕਾਂ ਦਾ ਵਿੱਤੀ ਨੁਕਸਾਨ ਹੋਇਆ ਅਤੇ ਗਮਾਡਾ ਨੂੰ ਵੀ 60 ਤੋਂ 70 ਕਰੋੜ ਦਾ ਵਿੱਤੀ ਨੁਕਸਾਨ ਹੋਇਆ ਹੈ। ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਸਵਾਲ ਪੁੱਛਿਆ ਕਿ ਰੇਰਾ ਦਾ ਨੰਬਰ ਲੈਣ ਵਿੱਚ ਐਨੀ ਦੇਰੀ ਕਿਉਂ ਹੋਈ? ਇਹ ਨੰਬਰ ਕਦੋਂ ਤੱਕ ਲਿਆ ਜਾਵੇਗਾ ਤੇ ਕਦੋਂ ਤੱਕ ਅਲਾਟਮੈਂਟ ਹੋਵੇਗੀ? ਅਤੇ ਜੋ ਵਿੱਤੀ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਕੌਣ ਕਰੇਗਾ? ‘ਆਪ’ ਵਿਧਾਇਕ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਗਮਾਡਾ ਵੱਲੋਂ ਮੁਹਾਲੀ ਦੀ ਜੂਹ ਵਿੱਚ (ਪਿੰਡ ਕੰਬਾਲੀ) ਵਿਖੇ ਮੋਟਰ ਮਕੈਨਿਕਾਂ ਨੂੰ ਦਿੱਤੇ ਜਾਣ ਵਾਲੇ ਬੂਥਾਂ ਸਬੰਧੀ ਡਰਾਅ ਕੱਢੇ ਜਾ ਚੁੱਕੇ ਹਨ। ਇਸ ਪ੍ਰਾਜੈਕਟ ਨੂੰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਤੋਂ ਰਜਿਸਟਡ ਕਰਵਾਉਣ ਲਈ ਗਮਾਡਾ ਵੱਲੋਂ ਜਨਵਰੀ ਵਿੱਚ ਅਪਲਾਈ ਕੀਤਾ ਗਿਆ ਹੈ। ਇਹ ਪ੍ਰਾਜੈਕਟ ਰੇਰਾ ਤੋਂ ਰਜਿਸਟਡ ਹੋਣ ਉਪਰੰਤ ਬੂਥਾਂ ਲਈ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ। ਮੰਤਰੀ ਨੇ ਦੱਸਿਆ ਕਿ 233 ਬਿਨੈਕਾਰਾਂ ਨੇ ਬੂਥ ਅਲਾਟ ਕਰਵਾਉਣ ਲਈ ਪੈਸੇ ਜਮ੍ਹਾਂ ਕਰਵਾਏ ਹਨ ਅਤੇ ਦੇਰੀ ਵੀ ਬਿਨੈਕਾਰਾਂ ਵੱਲੋਂ ਹੋਈ ਹੈ ਨਾ ਕਿ ਪੰਜਾਬ ਸਰਕਾਰ ਜਾਂ ਗਮਾਡਾ ਵੱਲੋਂ ਦੇਰੀ ਨਹੀਂ ਹੋਈ। ਕਾਬਿਲੇਗੌਰ ਹੈ ਕਿ ਬੀਤੇ ਕੱਲ੍ਹ ‘ਆਪ’ ਵਿਧਾਇਕ ਨੇ ਮੁਹਾਲੀ ਦੀਆਂ ਦੋ ਖੋਖਾ ਮਾਰਕੀਟਾਂ ਦਾ ਮੁੱਦਾ ਚੁੱਕ ਕੇ ਗਮਾਡਾ ਨੂੰ ਘੇਰਿਆ ਸੀ। ਇਸ ਤੋਂ ਪਹਿਲਾਂ ਬਜਟ ਸੈਸ਼ਨ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਨਾਮੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਸੜਕ ਦੇ ਦੋਵੇਂ ਪਾਸੇ ਵਾਹਨ ਪਾਰਕਿੰਗ ਲਈ ਵਰਤੇ ਜਾਣ ਦਾ ਮੁੱਦਾ ਚੁੱਕ ਕੇ ਮੁਹਾਲੀ ਪ੍ਰਸ਼ਾਸਨ ਅਤੇ ਗਮਾਡਾ ਦੀ ਸ਼ਰ੍ਹੇਆਮ ਖਿੱਲੀ ਉਠਾਈ ਸੀ ਲੇਕਿਨ ਇਹ ਮਸਲਾ ਹੁਣ ਵੀ ਜਿਊਂ ਦਾ ਤਿਊਂ ਬਰਕਰਾਰ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ