‘ਆਪ’ ਵਿਧਾਇਕਾ ਰੁਪਿੰਦਰ ਕੌਰ ਰੂਬੀ ਆਦਰਸ਼ ਯੁਵਾ ਵਿਧਾਇਕ ਪੁਰਸਕਾਰ 2017 ਨਾਲ ਸਨਮਾਨਿਤ

ਪੰਜਾਬ ਭਰ ’ਚੋਂ ਇੱਕੋ ਇੱਕ ਤੇ ਪੂਰੇ ਭਾਰਤ ’ਚੋਂ ਪੁਰਸਕਾਰ ਪ੍ਰਾਪਤ ਕਰਨ ਵਾਲੀ ਦੂਜੀ ਵਿਧਾਇਕਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਬਠਿੰਡਾ, 22 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੂੰ ਭਾਰਤੀ ਛਾਤਰ ਸੰਸਦ ਵੱਲੋਂ ਆਪਣੇ 8ਵੇਂ ਸਾਲਾਨਾ ਸਮਾਗਮ ਦੌਰਾਨ ਐਮ.ਆਈ.ਟੀ ਵਰਲਡ ਪੀਸ ਯੂਨੀਵਰਸਿਟੀ ਕੌਠਰਦ, ਪੂਨਾ ਵਿਖੇ ਸਨਮਾਨਿਤ ਕੀਤਾ ਗਿਆ। ਵਿਧਾਇਕ ਨੂੰ ਆਦਰਸ਼ ਯੁਵਾ ਵਿਧਾਇਕ ਪੁਰਸਕਾਰ 2017 ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਲਈ ਪੂਰੇ ਭਾਰਤ ਵਿਚੋਂ 2 ਨੌਜਵਾਨ ਪੜੇ ਲਿਖੇ ਵਿਧਾਇਕਾਂ ਦੀ ਚੋਣ ਕੀਤੀ ਗਈ ਸੀ। ਜਿਨ੍ਹਾਂ ਵਿਚੋਂ ਰੂਬੀ ਇੱਕ ਸਨ। ਇਸ ਸੰਸਥਾ ਦੇ ਸਰਪ੍ਰਸਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰਾ ਫਡਨਾਵਿਸ ਅਤੇ ਚੇਅਰਮੈਨ ਸਾਬਕਾ ਚੋਣ ਕਮਿਸ਼ਨਰ ਟੀਐਨ ਸ਼ੈਸਨ ਹਨ।
ਵਿਸ਼ਵ ਭਰ ਦੀਆਂ 450 ਯੂਨੀਵਰਸਿਟੀਆਂ ਤੋਂ ਆਏ 3000 ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰੂਬੀ ਨੇ ਕਿਹਾ ਕਿ ਅੱਜ ਦੇ ਸਮੇਂ ਹਰ ਨੌਜਵਾਨ ਡਾਕਟਰ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਹੈ ਅਤੇ ਜੇਕਰ ਅਜਿਹਾ ਨਹੀਂ ਕਰ ਸਕਦਾ ਤਾਂ ਐਮ.ਬੀ.ਏ ਕਰਨਾ ਚਾਹੁੰਦਾ ਹੈ, ਪਰੰਤੂ ਨੌਜਵਾਨਾਂ ਵਿਚੋਂ 99.9 ਪ੍ਰਤੀਸ਼ਤ ਲੋਕ ਰਾਜਨੀਤੀ ਨੂੰ ਅਪਣਾ ਪੇਸ਼ ਨਹੀਂ ਬਣਾਉਣਾ ਚਾਹੁੰਦੇ ਉਨ੍ਹਾਂ ਕਿਹਾ ਕਿ ਅਸੀਂ ਸਭ ਜਾਣਦੇ ਹਾਂ ਕਿ ਰਾਜਨੀਤੀ ਅੱਜ ਦੇ ਦੌਰ ਵਿਚ ਗਟਰ ਦੇ ਸਮਾਨ ਹੈ ਅਤੇ ਅਸੀ ਇਸ ਦੀ ਆਲੋਚਨਾ ਜ਼ਰੂਰ ਕਰਦੇ ਹਾਂ ਪਰੰਤੂ ਕੋਈ ਵੀ ਵਿਅਕਤੀ ਇਸ ਗਟਰ ਦੇ ਅੰਦਰ ਜਾ ਕੇ ਇਸ ਸਫ਼ਾਈ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਅਸੀਂ ਖ਼ੁਦ ਗੰਦੇ ਹੋਣ ਦੇ ਡਰੋਂ ਗੰਦਗੀ ਨੂੰ ਸਾਫ਼ ਕਰਨ ਤੋਂ ਗੁਰੇਜ਼ ਕਰਦੇ ਹਾਂ।
ਬੀਬਾ ਰੂਬੀ ਨੇ ਕਿਹਾ ਕਿ ਇੱਥੋਂ ਤੱਕ ਕਿ ਮਾਤਾ-ਪਿਤਾ ਵੀ ਆਪਣੇ ਬੱਚਿਆਂ ਨੂੰ ਅਜਿਹੇ ਪੇਸ਼ੇ ਵਿਚ ਭੇਜਣ ਲਈ ਜ਼ਿਆਦਾ ਇੱਛੁਕ ਨਹੀਂ ਹੁੰਦੇ, ਪਰੰਤੂ ਉਨ੍ਹਾਂ ਦੇ ਕੇਸ ਵਿਚ ਅਜਿਹਾ ਨਹੀਂ ਸੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਦਾ ਇਸ ਕਾਰਜ ਲਈ ਲਈ ਭਰਪੂਰ ਸਹਿਯੋਗ ਕੀਤਾ ਸੀ। ਉਨ੍ਹਾਂ ਕਿਹਾ ਕਿ ਖ਼ੁਦ ਆਪਣੇ ਕੀਤੇ ਬਿਨਾ ਸਾਫ਼ ਰਾਜਨੀਤੀ ਦੀ ਇੱਛਾ ਕਰਨਾ ਵਿਅਰਥ ਹੈ। ਰੂਬੀ ਨੇ ਕਿਹਾ ਕਿ ਨੌਜਵਾਨਾਂ ਨੂੰ ਰਾਜਨੀਤੀ ਦੇ ਖੇਤਰ ਵਿਚ ਆ ਕੇ ਨਵੀਆਂ ਪਿਰਤਾਂ ਪਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਅਕ ਸੰਸਥਾਵਾਂ ਨੂੰ ਰਾਜਨੀਤੀ ਦੀ ਪ੍ਰਯੋਗਸ਼ਾਲਾ ਵਜੋਂ ਵਰਤਦੇ ਹੋਏ ਵਿਦਿਆਰਥੀ ਚੋਣਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਉਹ ਨਿਸ਼ਚਿਤ ਰੂਪ ਵਿਚ ਰਾਜਨੀਤੀ ਤੋਂ ਜਾਣੂ ਵੀ ਹੋਣਗੇ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਤਤਪਰ ਵੀ ਹੋਣਗੇ। ਜੋ ਕਿ ਆਪਣੇ ਅਤੇ ਆਪਣੇ ਸਾਥੀਆਂ ਦੀ ਭਲਾਈ ਲਈ ਕੀਤਾ ਜਾਣ ਵਾਲਾ ਅਤਿ ਉੱਤਮ ਕਾਰਜ ਹੈ। ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਰਾਜਨੀਤੀ ਵਿਚ ਦੇਸ਼ ਭਗਤੀ ਦੀ ਭਾਵਨਾਵਾਂ ਨਾਲ ਆਉਣ ਅਤੇ ਜੇਕਰ ਉਨ੍ਹਾਂ ਦੇ ਮਨ ਵਿਚ ਥੋੜ੍ਹੀ ਜਿਹੀ ਵੀ ਬੇਈਮਾਨੀ ਹੈ ਤਾਂ ਉਹ ਇਸ ਕਾਰਜ ਨੂੰ ਕਰਨ ਤੋਂ ਗੁਰੇਜ਼ ਹੀ ਕਰਨ ਕਿਉਂਕਿ ਪਹਿਲਾਂ ਤੋਂ ਹੀ ਬੈਠੇ ਨੇਤਾਵਾਂ ਨੇ ਦੇਸ਼ ਦੇ ਖ਼ਜ਼ਾਨੇ ਨੂੰ ਲੁੱਟ ਕੇ ਖਾ ਲਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…