ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਸਾਈਕਲਾਂ ’ਤੇ ਸਵਾਰ ਹੋ ਕੇ ਪਹੁੰਚੇ ‘ਆਪ’ ਵਿਧਾਇਕ

ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਖਿਲਾਫ ‘ਆਪ’ ਵਿਧਾਇਕਾਂ ਨੇ ਕੱਢੀ ਸਾਈਕਲ ਰੈਲੀ

ਆਉਣ ਵਾਲੇ ਦਿਨਾਂ ਵਿੱਚ ਕੈਪਟਨ ਦੇ ਸਾਰੇ ਝੂਠਾਂ ਦਾ ਕਰੇਗੀ ਪਰਦਾਫਾਸ਼ ਆਮ ਆਦਮੀ ਪਾਰਟੀ: ਹਰਪਾਲ ਸਿੰਘ ਚੀਮਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 1 ਮਾਰਚ:
ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਝੂਠੇ ਵਾਦਿਆਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸੋਮਵਾਰ ਨੂੰ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਈਕਲ ਰੈਲੀ ਕੱਢੀ ਗਈ। ਸਾਈਕਲ ਰੈਲੀ ਐਮਐਲਏ ਹੋਸਟਲ ਤੋਂ ਸ਼ੁਰੂ ਹੋ ਕੇ ਪੰਜਾਬ ਵਿਧਾਨ ਸਭਾ ਤੱਕ ਪਹੁੰਚੀ। ਪਾਰਟੀ ਦੇ ਸਾਰੇ ਵਿਧਾਇਕ ਸਾਈਕਲ ਚਲਾ ਕੇ ਵਿਧਾਨ ਸਭਾ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ‘ਆਪ’ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਦੇ ਝੂਠੇ ਵਾਅਦਿਆਂ ਕਾਰਨ ਪਿਛਲੇ ਚਾਰ ਸਾਲਾਂ ਤੋਂ ਪ੍ਰੇਸ਼ਾਨ ਹਨ। ਉਨਾਂ ਕੈਪਟਨ ਅਮਰਿੰਦਰ ਨੂੰ ਉਮੀਦ ਨਾਲ ਵੋਟ ਦਿੱਤੀ ਸੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ ਅਤੇ ਆਪਣੇ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨਗੇ। ਪ੍ਰੰਤੂ ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ ਅਤੇ ਉਨਾਂ ਦੇ ਸਾਰੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਸ਼ਾ ਖਤਮ ਕਰਨ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ, ਪੋਸਟ ਮੈਟਿ੍ਰਕ ਸਕਾਲਰਸ਼ਿਪ, ਸ਼ਾਗਨ ਯੋਜਨਾ, ਘਰ ਘਰ ਰੁਜ਼ਗਾਰ ਵਰਗੇ ਵਾਅਦੇ ਪੂਰੇ ਨਾ ਕੀਤੇ। ਅੱਜ ਬਜਟ ਸੈਸ਼ਨ ਦੀ ਸ਼ੁਰੂਆਤ ਵਿੱਚ ਅਸੀਂ ਸਾਈਕਲ ਰੈਲੀ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੇ ਝੂਠ ਖਿਲਾਫ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਜਦੋਂ ਤੱਕ ਕੈਪਟਨ ਆਪਣੇ ਵਾਅਦੇ ਪੂਰੇ ਨਹੀਂ ਕਰਦੇ ਉਦੋਂ ਤੱਕ ਵਿਰੋਧ ਲਗਾਤਾਰ ਜਾਰੀ ਰਹੇਗਾ।
ਉਨਾਂ ਕਿਹਾ ਕਿ ਕਾਂਗਰਸ ਦੇ ਸ਼ਾਸਨ ਵਿੱਚ ਕਿਸਾਨ ਅੱਤਮਹੱਤਿਆ, ਬੇਰੁਜ਼ਗਾਰੀ, ਪੈਟਰੋਲ-ਡੀਜ਼ਲ, ਬਿਜਲੀ ਦੀਆਂ ਕੀਮਤਾਂ ਅਤੇ ਗਰੀਬੀ ਕਾਫੀ ਜ਼ਿਆਦਾ ਵਧ ਗਈ ਹੈ। ਉਥੇ ਯੂਨੀਵਰਸਿਟੀਆਂ ਵਿੱਚ ਦਲਿਤ ਵਿਦਿਆਰਥੀਆਂ ਦੀ ਗਿਣਤੀ ਘਟ ਗਈ ਹੈ। ਅੱਜ ਸੂਬੇ ਦਾ ਖਜ਼ਾਨਾ ਖਾਲੀ ਹੋਣ ਦੀ ਸਥਿਤੀ ਵਿੱਚ ਹੈ। ਅੱਜ ਪੰਜਾਬ ਮੁਸੀਬਤ ਵਿਚ ਹੈ, ਲੋਕ ਪ੍ਰੇਸ਼ਾਨ ਹਨ, ਪ੍ਰੰਤੂ ਕਾਂਗਰਸ ਪਾਰਟੀ ਮੁੱਖ ਮੰਤਰੀ ਅਹੁਦੇ ਲਈ ਆਪਸ ਵਿੱਚ ਲੜ ਰਹੇ ਹਨ। ਇਹ ਬਿਲਕੁਲ ਸ਼ਰਮਨਾਕ ਹੈ ਜਿਨਾਂ ਲੋਕਾਂ ਨੇ ਕੈਪਟਨ ਨੂੰ ਉਮੀਦ ਨਾਲ ਵੋਟ ਦਿੱਤੀ ਸੀ, ਉਹ ਹੁਣ ਦੇਖ ਰਹੇ ਹਨ ਕਿ ਕਿਵੇਂ ਕਾਂਗਰਸ ਪਾਰਟੀ ਆਪਣੀ ਆਪਸੀ ਲੜਾਈ ਵਿੱਚ ਰੁਝੇ ਹੋਏ ਹਨ।
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਕਾਂਗਰਸ ਆਗੂਆਂ ਕੋਲ ਲੋਕਾਂ ਲਈ ਕੋਈ ਦਰਦ ਨਹੀਂ ਹੈ। ਉਨਾਂ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰਾ ਕਰਨ ਦੀ ਕੋਈ ਵੀ ਚਿੰਤਾ ਨਹੀਂ ਹੈ। ਉਨਾਂ ਨੂੰ ਸਿਰਫ ਸੱਤਾ ਨਾਲ ਮਤਲਬ ਹੈ। ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਅਜਿਹੀ ਹੰਕਾਰੀ ਪਾਰਟੀ ਨੂੰ ਸੱਤਾ ਤੋਂ ਬਾਹਰ ਕੱਢਣਗੇ ਅਤੇ ਵਿਕਾਸ ਕਰਨ ਅਤੇ ਬਦਲਾਅ ਲਿਆਉਣ ਵਾਲੀ ਪਾਰਟੀ ਨੂੰ ਸੱਤਾ ਵਿੱਚ ਲਿਆਉਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…