ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਸਿਰਜੋੜ ਕੇ ਬੈਠੇ ‘ਆਪ’ ਵਿਧਾਇਕ, ਡੀਸੀ ਤੇ ਹੋਰ ਅਧਿਕਾਰੀ

ਵਿਧਾਇਕ ਕੁਲਵੰਤ ਸਿੰਘ ਨੇ ਸ਼ਹਿਰ ਦੇ ਪੈਂਡਿੰਗ ਪਏ ਕੰਮਾਂ ਨੂੰ ਫੌਰੀ ਨਿਪਟਾਉਣ ਦੇ ਨਿਰਦੇਸ਼ ਦਿੱਤੇ

ਡੀਸੀ ਆਸ਼ਿਕਾ ਜੈਨ ਨੇ ਵਿਧਾਇਕ ਕੁਲਵੰਤ ਸਿੰਘ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਮਸਲਿਆਂ ਬਾਰੇ ਮੀਟਿੰਗ

ਨਬਜ਼-ਏ-ਪੰਜਾਬ, ਮੁਹਾਲੀ, 8 ਨਵੰਬਰ:
ਮੁਹਾਲੀ ਦੇ ਸਰਬਪੱਖੀ ਵਿਕਾਸ ਅਤੇ ਆਮ ਨਾਗਰਿਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਅੱਜ ‘ਆਪ’ ਵਿਧਾਇਕ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਐੱਸਐੱਸਪੀ ਦੀਪਕ ਪਾਰਿਕ ਅਤੇ ਹੋਰ ਵੱਖ-ਵੱਖ ਅਧਿਕਾਰੀ ਸਿਰਜੋੜ ਕੇ ਬੈਠੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਹਿਰ ਦੇ ਮਹੱਤਵਪੂਰਨ ਮਸਲਿਆਂ ਬਾਰੇ ਚਰਚਾ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਨਿਰਦੇਸ਼ ਦਿੱਤੇ ਕਿ ਪੈਂਡਿੰਗ ਅਵਸਥਾ ਵਿੱਚ ਪਏ ਕੰਮਾਂ ਦਾ ਤੁਰੰਤ ਨਿਬੇੜਾ ਕੀਤਾ ਜਾਵੇ।
ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਲਈ ਰਿਹਾਇਸ਼ ਦਾ ਪ੍ਰਬੰਧ, ਪੁਲੀਸ ਲਾਈਨ ਲਈ ਜਗ੍ਹਾ ਨਿਰਧਾਰਿਤ ਕਰਨਾ, ਮੌਜੂਦਾ ਹੈਬੀਟੇਟ ਸੈਂਟਰ ਨੂੰ ਸਰਕਟ ਹਾਊਸ ਵਿੱਚ ਤਬਦੀਲ ਕਰਨਾ, ਸੀਸੀਟੀਵੀ ਕੈਮਰਿਆਂ ਦੇ ਪ੍ਰਾਜੈਕਟ, ਪਾਰਕਿੰਗ ਸਮੱਸਿਆ, ਡਿਜੀਟਲ ਐਡਵਰਟਾਈਜ਼ਮੈਂਟ, ਕਨਵੈੱਨਸ਼ਨ ਸੈਂਟਰ, ਬੱਸ ਸਟੈਂਡ ਦਾ ਮੁੱਦਾ, ਓਲਡ-ਏਜ ਹੋਮ, ਵਰਕਿੰਗ ਵਿਮੈਨ ਹੋਸਟਲ, ਬਰਸਾਤਾਂ ਦੇ ਦਿਨਾਂ ਵਿੱਚ ਰੇਲਵੇ ਅੰਡਰ ਬ੍ਰਿਜ ਥੱਲੇ ਖੜ੍ਹਦੇ ਪਾਣੀ ਦੀ ਸਮੱਸਿਆ, ਮੁਹਾਲੀ ਨਗਰ ਨਿਗਮ ਦੀ ਹੱਦ ਤੋਂ ਬਾਹਰ ਵਿਕਸਤ ਹੋਏ ਸ਼ਹਿਰੀ ਖੇਤਰ ਨੂੰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨਾ, ਆਈਟੀ ਸਿਟੀ ਵਿੱਚ ਮਲਟੀ ਲੈਵਲ ਪਾਰਕਿੰਗ ਬਣਾਉਣ ਆਦਿ ਮੁੱਦਿਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਗਈ।
ਰਿਹਾਇਸ਼ ਪ੍ਰਬੰਧ ਸਬੰਧੀ ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਸਬੰਧੀ ਪੂਰਬ ਪ੍ਰੀਮੀਅਮ ਅਪਾਰਟਮੈਂਟ ਸੈਕਟਰ-88 ਵਿੱਚ ਫਲੈਟ ਦਿੱਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ 56 ਕਰੋੜ ਮਨਜ਼ੂਰ ਕੀਤੇ ਹਨ। ਪੁਲੀਸ ਲਾਈਨ ਲਈ ਡੀਟੀਪੀ ਗਮਾਡਾ ਨੂੰ ਢੁਕਵੀਂ ਥਾਂ ਦੇਣ ਲਈ ਹਦਾਇਤ ਕੀਤੀ ਗਈ ਹੈ।
ਸੀਸੀਟੀਵੀ ਕੈਮਰਿਆਂ ਸਬੰਧੀ ਫ਼ੈਸਲਾ ਲਿਆ ਗਿਆ ਕਿ ਇਸ ਪ੍ਰਾਜੈਕਟ ਨੂੰ ਅੱਗੇ ਵਧਾ ਕੇ ਵੱਧ ਤੋਂ ਵੱਧ ਥਾਵਾਂ ’ਤੇ ਕੈਮਰੇ ਲਗਾਏ ਜਾਣ ਅਤੇ ਲੋੜੀਂਦੇ ਫ਼ੰਡਾਂ ਲਈ ਕਾਰਵਾਈ ਕੀਤੀ ਜਾਵੇ। ਗਮਾਡਾ ਅਧਿਕਾਰੀ ਨੇ ਦੱਸਿਆ ਕਿ ਕਨਵੈੱਨਸ਼ਨ ਸੈਂਟਰ ਲਈ ਆਈਟੀ ਸਿਟੀ ਵਿੱਚ 6 ਏਕੜ ਨਿਰਧਾਰਿਤ ਕੀਤੀ ਗਈ ਹੈ। ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਕੰਸਲਟੈਂਟ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਫੇਜ਼-6 ਸਥਿਤ ਬੱਸ ਅੱਡੇ ਨੂੰ ਚਾਲੂ ਕਰਨ ਲਈ ਉਪਰਾਲੇ ਕੀਤੇ ਜਾਣ।
ਪਾਰਕਿੰਗ ਸਮੱਸਿਆ ਦੇ ਹੱਲ ਲਈ ਟਰੈਫ਼ਿਕ ਪੁਲੀਸ ਨੂੰ ਹਦਾਇਤ ਕੀਤੀ ਗਈ ਕਿ ਸੜਕਾਂ ਅਤੇ ਫੁੱਟਪਾਥਾਂ ’ਤੇ ਖੜ੍ਹੇ ਵਾਹਨਾਂ ਦੇ ਚਲਾਨ ਕੀਤੇ ਜਾਣ ਅਤੇ ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨਾਂ ਨੂੰ ਚੁੱਕਣ ਦਾ ਕੰਮ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਣ ਅਤੇ ਪ੍ਰਾਈਵੇਟ ਕੰਪਨੀਆਂ, ਕਮਰਸ਼ੀਅਲ ਮਾਲਾਂ, ਹਸਪਤਾਲਾਂ ਵੱਲੋਂ ਬਿਲਡਿੰਗ ਪਲਾਨ ਅਨੁਸਾਰ ਨਿਰਧਾਰਿਤ ਪਾਰਕਿੰਗਾਂ ਨੂੰ ਕਿਸ ਮਕਸਦ ਲਈ ਵਰਤਿਆ ਜਾ ਰਿਹਾ ਹੈ, ਦਾ ਪਤਾ ਲਗਾਉਣ ਲਈ ਸਰਵੇ ਕਰਵਾਉਣ ਲਈ ਨਗਰ ਨਿਗਮ ਦੇ ਕਮਿਸ਼ਨਰ, ਐਸਪੀ (ਟਰੈਫ਼ਿਕ), ਏਸੀਏ ਗਮਾਡਾ ਅਤੇ ਸੜਕ ਟਰੈਫ਼ਿਕ ਸੇਫਟੀ ਐਕਸਪਰਟ ਨਵਦੀਪ ਅਸੀਜਾ ਦੀ ਅਗਵਾਈ ਹੇਠ ਕਮੇਟੀ ਬਣਾਈ ਜਾਵੇ।

ਮੀਟਿੰਗ ਵਿੱਚ ਕਮਿਸ਼ਨਰ ਟੀ ਬੈਨਿਥ, ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ, ਏਡੀਸੀ (ਵਿਕਾਸ) ਸੋਨਮ ਚੌਧਰੀ, ਐਸਡੀਐਮ ਦਮਨਦੀਪ ਕੌਰ, ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ, ਐਸਪੀ (ਟਰੈਫ਼ਿਕ) ਐਚਐਸ ਮਾਨ, ਏਸੀਏ ਗਮਾਡਾ ਅਮਰਿੰਦਰ ਸਿੰਘ ਟਿਵਾਣਾ, ਡੀਟੀਪੀ ਗੁਰਦੇਵ ਸਿੰਘ ਅਟਵਾਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …