
ਲੋਕ ਮੁੱਦਿਆਂ ’ਤੇ ਕਦੇ ਸਿਆਸਤ ਨਹੀਂ ਸਗੋਂ ਲੋਕਾਂ ਲਈ ਕੰਮ ਕਰਦੀ ਹੈ ‘ਆਪ’: ਕੁਲਵੰਤ ਸਿੰਘ
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੁੱਦਿਆਂ ਬਾਰੇ ਝੂਠ ਤੂਫ਼ਾਨ ਬੋਲਣ ਵਾਲੇ ਕਾਂਗਰਸੀ ਆਪਣੇ ਅੰਦਰ ਝਾਤੀ ਮਾਰਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਦੇਸ਼ ਆਜ਼ਾਦੀ ਤੋਂ ਸੱਤ ਦਹਾਕਿਆਂ ਬਾਅਦ ਸਿਰਫ਼ ਆਮ ਆਦਮੀ ਪਾਰਟੀ (ਆਪ) ਹੀ ਇੱਕ ਅਜਿਹੀ ਲੋਕ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ, ਜਿਸ ਨੇ ਦੇਸ਼ ਦੀਆਂ ਰਵਾਇਤੀ ਪਾਰਟੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਅਣਦੇਖੀ ਕਾਰਨ ਮੁਲਾਜ਼ਮ ਵਰਗ ਨੂੰ ਆਪਣੀਆਂ ਮੰਗਾਂ ਕਰਵਾਉਣ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਵੀ ਪੱਲੇ ਨਹੀਂ ਪਿਆ।
ਕੁਲਵੰਤ ਸਿੰਘ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਝੂਠ ਬੋਲ ਕੇ ਡੰਗ ਟਪਾਉਣ ਤੋਂ ਸਿਵਾਏ ਕੁੱਝ ਨਹੀਂ ਕੀਤਾ। ਜਦੋਂਕਿ ਅਖੀਰਲੇ ਸਾਲ ਥੋਕ ਵਿੱਚ ਨੀਂਹ ਪੱਥਰ ਰੱਖਣ ਅਤੇ ਅਧੂਰੇ ਕੰਮਾਂ ਦੇ ਉਦਘਾਟਨ ਕਰਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਉਣਗੇ, ਸਗੋਂ ਪੰਜਾਬ ਦੀ ਤਰੱਕੀ ਲਈ ‘ਆਪ’ ਦੀ ਸਰਕਾਰ ਲਿਆਉਣ ਲਈ ਉਤਾਵਲੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਕਾਂਗਰਸ ਸਰਕਾਰ ਨੇ 36 ਮੁਲਾਜ਼ਮ ਵੀ ਪੱਕੇ ਨਹੀਂ ਕੀਤੇ ਜਦੋਂਕਿ ਸੂਬੇ ਦੀਆਂ ਪ੍ਰਮੁੱਖ ਸੜਕਾਂ ’ਤੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮਸ਼ਹੂਰੀ ਬੋਰਡ ਲਗਾ ਕੇ ਅਤੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਸਰਕਾਰੀ ਖ਼ਜ਼ਾਨੇ ਨੂੰ ਦੋਵੇਂ ਹੱਥਾਂ ਨਾਲ ਲੁਟਾਇਆ ਗਿਆ ਹੈ। ਲਿਹਾਜ਼ਾ ਵਿਰੋਧੀਆਂ ’ਤੇ ਤੰਜ ਕੱਸਣ ਦੀ ਬਜਾਏ ਕਾਂਗਰਸੀਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਕੁੱਲ ਮਿਲਾ ਕੇ ਪਿਛਲੇ 8 ਸਾਲਾਂ ਤੋਂ ਕਾਂਗਰਸ, ਕੈਪਟਨ, ਅਕਾਲੀ ਅਤੇ ਭਾਜਪਾ ਤੋਂ ਮਿਲ ਕੇ ਪੰਜਾਬ ਦੇ 36 ਹਜ਼ਾਰ ਮੁਲਾਜ਼ਮ ਪੱਕੇ ਨਹੀਂ ਕਰ ਹੋਏ ਅਤੇ ਫਿਰ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਨੌਜਵਾਨਾਂ ਨਾਲ ਨੌਕਰੀਆਂ ਦੇ ਨਵੇਂ ਵਾਅਦੇ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਕਾਂਗਰਸ, ਅਕਾਲੀ ਅਤੇ ਭਾਜਪਾ ਵਰਗੇ ਰਵਾਇਤੀ ਦਲ ਸਿਰਫ਼ ਲੋਕਾਂ ਦੇ ਮੁੱਦਿਆਂ ਦਾ ਸਿਆਸੀ ਫ਼ਾਇਦਾ ਚੁੱਕਦੇ ਹਨ, ਇਨ੍ਹਾਂ ਲਈ ਆਮ ਲੋਕਾਂ ਦੇ ਮੁੱਦੇ, ਤਕਲੀਫ਼ਾਂ ਅਤੇ ਮੰਗਾਂ ਸਿਰਫ਼ ਸਿਆਸੀ ਪੌੜੀਆਂ ਹਨ ਜਿਨ੍ਹਾਂ ਦੇ ਸਹਾਰੇ ਇਹ ਸੱਤਾ ਵਿੱਚ ਆਉਂਦੇ ਹਨ ਅਤੇ ਫਿਰ ਪੰਜ-ਪੰਜ ਸਾਲ ਦੀ ਵਾਰੀ ਸਿਰ ਪੰਜਾਬ ਨੂੰ ਲੁੱਟਦੇ ਹਨ।
ਕੁਲਵੰਤ ਸਿੰਘ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਦੇ ਨਾਲ ਸਬੰਧਤ ਮਸਲੇ ਸਿਰੇ ਚੜ੍ਹਾਉਣ ਵਿੱਚ ਇਹ ਸਾਰੀਆਂ ਸਿਆਸੀ ਪਾਰਟੀਆਂ ਫੇਲ੍ਹ ਸਾਬਿਤ ਹੋਈਆਂ, ਉਹ ਮਸਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਸਿਰੇ ਚੜ੍ਹਾਏ ਜਾਣਗੇ। ਪਿਛਲੀਆਂ ਅਕਾਲੀ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੀ ਤਰ੍ਹਾਂ ਕਿਸੇ ਵੀ ਮਸਲੇ ਨੂੰ ਸਾਲਾਂ ਬੱਧੀ ਤੱਕ ਲਟਕਾਇਆ ਨਹੀਂ ਜਾਵੇਗਾ। ਲੋਕਾਂ ਦੀ ਡਿਊਟੀ ਸਿਰਫ਼ ਏਨੀ ਬਣਦੀ ਹੈ ਕਿ ਉਹ ਆਉਣ ਵਾਲੀ 20 ਫਰਵਰੀ ਨੂੰ ਚੋਣ ਨਿਸ਼ਾਨ ‘ਝਾੜੂ’ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਸਹਿਯੋਗ ਕਰਨ।