
ਬਿਜਲੀ ਦਰਾਂ ਵਿੱਚ ਵਾਧੇ ਖ਼ਿਲਾਫ਼ ਪੰਜਾਬ ਵਿੱਚ ਜਨ ਅੰਦੋਲਨ ਸ਼ੁਰੂ ਕਰੇਗੀ ‘ਆਪ’
ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਆਮ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸੁਵਿਧਾ ਦੇਵੇ ਸਰਕਾਰ: ਆਪ ਆਗੂ
ਆਮ ਆਦਮੀ ਪਾਰਟੀ ਹਰੇਕ ਪਿੰਡ ਤੇ ਸ਼ਹਿਰਾਂ ਵਿੱਚ ਬਿਜਲੀ ਦੇ ਬਿੱਲ ਸਾੜੇਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਵਿੱਚ ਬਿਜਲੀ ਦੀਆਂ ਕੀਮਤਾਂ ਦੇ ਖ਼ਿਲਾਫ਼ 7 ਅਪਰੈਲ ਤੋਂ ਵੱਡੇ ਪੱਧਰ ’ਤੇ ਜਨ ਅੰਦੋਲਨ ਸ਼ੁਰੂ ਕਰੇਗੀ। ‘ਆਪ’ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦਿੱਲੀ ਦੀ ਤਰਜ਼ ’ਤੇ ਪੰਜਾਬ ਦੇ ਲੋਕਾਂ ਨੂੰ ਵੀ ਮੁਫ਼ਤ ਬਿਜਲੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦਿਨ ਪ੍ਰਤੀ ਦਿਨ ਬਿਜਲੀ ਦਰਾਂ ਵਿੱਚ ਵਾਧੇ ਨੇ ਗਰੀਬ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਕੀਮਤਾਂ ਘਟਾਉਣ ਦੀ ਬਜਾਏ ਦਿਨ ਪ੍ਰਤੀ ਦਿਨ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਬਿਜਲੀ ਦਰਾਂ ਵਿੱਚ ਵਾਧੇ ਖ਼ਿਲਾਫ਼ ਸੂਬੇ ਦੇ ਹਰੇਕ ਪਿੰਡ, ਸ਼ਹਿਰ ਅਤੇ ਕਸਬਿਆਂ ਵਿੱਚ ਜਨ ਅੰਦੋਲਨ ਕੀਤਾ ਜਾਵੇਗਾ।
ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਜੇਬਾਂ ’ਤੇ ਸ਼ਰੇਆਮ ਡਾਕਾ ਮਾਰ ਰਹੀ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰੀਸ਼ ਕੌਸ਼ਲ, ਗੁਰਦੀਪ ਸਿੰਘ ਕੈਰੋਂ, ਕੁਲਜੀਤ ਸਿੰਘ ਰੰਧਾਵਾ, ਡਾ. ਚਿਰਾਜਦੀਪ ਸਿੰਘ ਆਹਲੂਵਾਲੀਆ, ਯੂਥ ਆਗੂ ਹਰਜੀਤ ਸਿੰਘ ਬੰਟੀ, ਸਵਰਨਜੀਤ ਕੌਰ ਬਲਟਾਣਾ, ਸਵੀਟੀ ਸ਼ਰਮਾ, ਗੁਰਤੇਜ ਸਿੰਘ ਪੰਨੂ, ਰਮੇਸ਼ ਸ਼ਰਮਾ, ਜਸਪਾਲ ਕਾਉਣੀ, ਮਨਦੀਪ ਮਟੌਰ, ਅਜੀਤ ਕਾਂਸਲ ਆਦਿ ਵੀ ਮੌਜੂਦ ਸਨ।