
ਆਪ ਪਾਰਟੀ ਨੇ ਅੰਬਾਨੀ ਤੇ ਅਡਾਨੀ ਦੇ ਯਾਰ ਕੋਲ ਵੇਚੇ ਪਾਰਟੀ ਦੇ ਹਿੱਤ: ਚਰਨਜੀਤ ਬਰਾੜ
ਭਗਵੰਤ ਮਾਨ ਤੇ ਕੁਲਵੰਤ ਸਿੰਘ ਵਿਚਕਾਰ ਹੋਈ ਮੀਟਿੰਗ ਨੇ ਛੇੜੀ ਨਵੀਂ ਚਰਚਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਆਮ ਆਦਮੀ ਪਾਰਟੀ (ਆਪ) ਨੇ ਕਾਰਪੋਰੇਟ ਘਰਾਣਿਆਂ ਅਤੇ ਅੰਬਾਨੀ ਅਤੇ ਅਡਾਨੀ ਦੇ ਮਿੱਤਰ ਅਤੇ ਜੇਐਲਪੀਐਲ ਦੇ ਐਮਡੀ ਕੁਲਵੰਤ ਸਿੰਘ ਕੋਲ ਪਾਰਟੀ ਦੇ ਹਿੱਤ ਵੇਚ ਦਿੱਤੇ ਹਨ। ਦਿੱਲੀ ਵਿੱਚ ਆਪਣੀ ਸਰਕਾਰ ਚਲਾਉਣ ਅਤੇ ਪੰਜਾਬ ਵਿੱਚ ਰਾਜ-ਭਾਗ ਦੇ ਸੁਪਨੇ ਦੇਖਣ ਵਾਲੀ ਆਪ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੀਤਾ ਗਿਆ ਇਹ ਫੈਸਲਾ ਦਿੱਲੀ ਵਿੱਚ ਬੈਠੀ ਲੀਡਰਸ਼ਿਪ ਨੂੰ ਆਖ਼ਰ ਦਿਖਾਈ ਕਿਉਂ ਨਹੀਂ ਦੇ ਰਿਹਾ। ਕੀ ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਉਮੀਦਵਾਰ ਖੜ੍ਹੇ ਕਰਨ ਲਈ ‘ਆਪ’ ਕੋਲ ਉਮੀਦਵਾਰ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਨੇ ਕੀਤਾ।
ਅਕਾਲੀ ਆਗੂ ਨੇ ਕਿਹਾ ਕਿ ਆਪ ਆਗੂ ਭਗਵੰਤ ਮਾਨ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਮੀਟਿੰਗ ਹੋਣ ਦੀ ਚਰਚਾ ਸੀ ਇਸ ਸਬੰਧੀ ਆਜ਼ਾਦ ਗਰੁੱਪ ਦੇ ਆਗੂ ਪਿਛਲੇ ਦਿਨੀਂ ਖ਼ੁਦ ਪੁਸ਼ਟੀ ਕਰ ਚੁੱਕੇ ਹਨ। ਜਾਣਕਾਰੀ ਅਨੁਸਾਰ ਆਜ਼ਾਦ ਗਰੁੱਪ ਮੁਹਾਲੀ ਵਿੱਚ 36 ਅਤੇ ਆਪ 14 ਸੀਟਾਂ ਉੱਤੇ ਚੋਣ ਲੜਨ ਦੀ ਚਰਚਾ ਹੈ। ਅਕਾਲੀ ਆਗੂ ਨੇ ਕਿਹਾ ਕਿ ਇਕ ਪਾਸੇ ਆਪ ਪਾਰਟੀ ਇਹ ਦਾਅਵਾ ਕਰਦੀ ਆ ਰਹੀ ਹੈ ਕਿ ਮੁਹਾਲੀ ਵਿੱਚ 50 ਵਾਰਡ ਵਿੱਚ ਚੋਣ ਨਿਸ਼ਾਨ ਝਾੜੂ ’ਤੇ ਚੋਣ ਲੜੀ ਜਾਵੇਗੀ। ਬਹੁਤ ਸਾਰੇ ਸੰਭਾਵੀ ਉਮੀਦਵਾਰ ਪ੍ਰਚਾਰ ਵਿੱਚ ਵੀ ਜੁਟੇ ਹੋਏ ਹਨ ਪ੍ਰੰਤੂ ਹੁਣ ਪਤਾ ਨਹੀਂ ਕਿਸ ਸਮਝੌਤੇ ਤਹਿਤ ਭਗਵੰਤ ਮਾਨ ਨੇ ਆਪ ਪਾਰਟੀ ਨੂੰ ਅੰਬਾਨੀ-ਅਡਾਨੀ ਦੇ ਜੋਟੀਦਾਰ ਕੁਲਵੰਤ ਸਿੰਘ ਕੋਲ ਗਹਿਣੇ ਰੱਖ ਦਿੱਤਾ ਹੈ।
ਸ੍ਰੀ ਬਰਾੜ ਨੇ ਸਪੱਸ਼ਟ ਕਿਹਾ ਕਿ ਹਜ਼ਾਰਾਂ ਕਰੋੜ ਦੇ ਮਾਲਕ ਅਤੇ ਕਾਰਪੋਰੇਟ ਕੁਲਵੰਤ ਸਿੰਘ ਦੇ ਨਾਲ ਭਗਵੰਤ ਮਾਨ ਦੀ ਮੀਟਿੰਗ ਦੇ ਕੀ ਮਾਇਨੇ ਹਨ ਅਤੇ ਕਿੰਨੇ ਵਿੱਚ ਸੌਦਾ ਤਹਿ ਹੋਇਆ ਹੈ ਇਸ ਗੱਲ ਦਾ ਜਵਾਬ ਉਹ ਪੰਜਾਬੀਆਂ ਦੇ ਨਾਲ-ਨਾਲ ਆਪਣੇ ਵਲੰਟੀਅਰਾਂ ਨੂੰ ਵੀ ਦੇਣ। ਇਹ ਮੁਹਾਲੀ ਹੀ ਨਹੀਂ ਸਗੋਂ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦਾ ਪੰਜਾਬੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਆਪ ਪਾਰਟੀ ਹੁਣ ਆਮ ਲੋਕਾਂ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਅਨੁਸਾਰ ਚੱਲਦੀ ਹੈ।