
ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਨਾਲ ਮਿਲ ਕੇ ਨਗਰ ਨਿਗਮ ਚੋਣਾਂ ਲੜੇਗੀ ‘ਆਪ’
ਮੁਹਾਲੀ ਦੀਆਂ ਸਾਰੀਆਂ 50 ਸੀਟਾਂ ’ਤੇ ਦੋਵੇਂ ਧਿਰਾਂ ਦੇ ਸਾਂਝੇ ਉਮੀਦਵਾਰ ਲੜਨਗੇ ਚੋਣ
ਆਜ਼ਾਦ ਗਰੁੱਪ ਨੇ ਅੱਜ 11 ਹੋਰ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਆਮ ਆਦਮੀ ਪਾਰਟੀ (ਆਪ) ਨੇ ਮੁਹਾਲੀ ਨਗਰ ਨਿਗਮ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਆਪਣੀ ਚੁੱਪੀ ਤੋੜਦਿਆਂ ਵੀਰਵਾਰ ਸ਼ਾਮ ਨੂੰ ਆਖ਼ਰਕਾਰ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਨਾਲ ਮਿਲ ਕੇ ਚੋਣ ਲੜਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ‘ਆਪ’ ਦੇ ਬੁਲਾਰੇ ਨੇ ਅਧਿਕਾਰਤ ਤੌਰ ’ਤੇ ਬਿਆਨ ਜਾਰੀ ਕਰਕੇ ਦੱਸਿਆ ਕਿ ਮੁਹਾਲੀ ਵਿੱਚ ਨਗਰ ਨਿਗਮ ਦੀਆਂ ਚੋਣਾਂ ਆਜ਼ਾਦ ਗਰੁੱਪ ਨਾਲ ਮਿਲ ਕੇ ਸਾਂਝੇ ਤੌਰ ’ਤੇ ਲੜੀਆਂ ਜਾਣਗੀਆਂ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਪਾਰਟੀ ਨੇ ਆਜ਼ਾਦ ਗਰੁੱਪ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈ, ਉਨ੍ਹਾਂ ਕਿਹਾ ਕਿ ਇਹ ਗੱਠਜੋੜ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਦਾ ਰਾਹ ਖੋਲ੍ਹੇਗਾ। ਸਾਬਕਾ ਮੇਅਰ ਨੇ ਦੱਸਿਆ ਕਿ ਆਜ਼ਾਦ ਗਰੁੱਪ ਪਹਿਲਾਂ ਹੀ 30 ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ ਅਤੇ 11 ਹੋਰ ਉਮੀਦਵਾਰਾਂ ਦੀ ਸੂਚੀ ਅੱਜ ਸ਼ਾਮ ਨੂੰ ਜਾਰੀ ਕਰ ਦਿੱਤੀ ਗਈ ਹੈ ਜਦੋਂਕਿ ਆਪਣੇ ਬਲਬੂਤੇ ’ਤੇ ਆਜ਼ਾਦ ਚੋਣ ਲੜ ਰਹੇ ਸਾਬਕਾ ਮੇਅਰ ਮਨਜੀਤ ਸਿੰਘ ਸੇਠੀ ਅਤੇ ਉਨ੍ਹਾਂ ਦੇ ਸਮਰਥਕ ਹਰਵਿੰਦਰ ਕੌਰ ਲੰਗ ਦੇ ਮੁਕਾਬਲੇ ਆਜ਼ਾਦ ਗਰੁੱਪ ਅਤੇ ਆਪ ਆਪਣਾ ਕੋਈ ਉਮੀਦਵਾਰ ਖੜਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਾਰੀਆਂ 50 ਸੀਟਾਂ ਉੱਤੇ ਸਾਂਝੇ ਉਮੀਦਵਾਰ ਚੋਣ ਲੜਨਗੇ। ਆਜ਼ਾਦ ਗਰੁੱਪ ਅਤੇ ਆਪ ਦੇ ਇਸ ਤਾਜ਼ਾ ਫੈਸਲੇ ਨੇ ਹੁਕਮਰਾਨ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦਾ ਗਣਿਤ ਵਿਗਾੜ ਕੇ ਰੱਖ ਦਿੱਤਾ ਹੈ।
ਪਾਰਟੀ ਨੇ ਕਿਹਾ ਕਿ ਆਪ ਵੱਲੋਂ ਮੁਹਾਲੀ ਦੀ ਤਰੱਕੀ ਅਤੇ ਨਗਰ ਨਿਗਮ ਵਿੱਚ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੂਰ ਕਰਨ ਦੇ ਮੰਤਵ ਨਾਲ ਇਹ ਸਮਝੌਤਾ ਕੀਤਾ ਗਿਆ ਹੈ ਕਿ ਇਕ ਇਮਾਨਦਾਰ, ਪੜ੍ਹੇ ਲਿਖੇ ਵਿਅਕਤੀ ਦੇ ਆਜ਼ਾਦ ਗਰੁੱਪ ਨਾਲ ਮਿਲਕੇ ਨਗਰ ਨਿਗਮ ਦੀਆਂ ਚੋਣਾਂ ਲੜੀਆਂ ਜਾਣ। ਬਿਆਨ ਵਿੱਚ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਸੱਤਾ ਵਿੱਚ ਰਹਿੰਦਿਆਂ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਆਪਣੇ ਚਹੇਤਿਆਂ ਅਤੇ ਆਪਣੀਆਂ ਜੇਬਾਂ ਭਰਨ ਲਈ ਕੰਮ ਕੀਤਾ ਹੈ, ਪ੍ਰੰਤੂ ਆਪ ਪਾਰਟੀ ਦਾ ਇਕੋ ਇਕ ਨਿਸ਼ਾਨਾ ਲੋਕਾਂ ਲਈ ਕੰਮ ਕਰਨ ਵਾਲਿਆਂ ਨੂੰ ਅੱਗੇ ਲਿਆਂਦਾ ਜਾਵੇ। ਉਨ੍ਹਾਂ ਮੁਹਾਲੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਸ਼ਹਿਰ ਵਿੱਚ ਹੋਣ ਵਾਲੇ ਕੰਮਾਂ ਨੂੰ ਰੋਕਣ ਅਤੇ ਰੁਕਵਾਉਣ ਦਾ ਵੀ ਦੋਸ਼ ਲਾਇਆ। ਬਿਆਨ ਵਿੱਚ ਕਿਹਾ ਕਿ ਆਪ ਪਾਰਟੀ ਲਈ ਇਹ ਮੁੱਖ ਟੀਚਾ ਹੈ ਕਿ ਨਗਰ ਨਿਗਮ ਵਿੱਚ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਬਿਨਾਂ ਕਿਸੇ ਪੱਖਪਾਤ ਕੰਮ ਹੋਣ ਅਤੇ ਸ਼ਹਿਰ ਦਾ ਵਿਕਾਸ ਹੋਵੇ।
‘ਆਪ’ ਨੇ ਬਿਆਨ ਵਿੱਚ ਕਿਹਾ ਕਿ ਜਦੋਂ ਤੋਂ ਸੱਤਾ ਵਿੱਚ ਕਾਂਗਰਸ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਕਾਂਗਰਸ ਆਗੂਆਂ ਨੇ ਨਿਗਮ ਦੇ ਕੰਮਾਂ ਵਿੱਚ ਰੁਕਾਵਟ ਪਾਈ ਹੈ। ਸ਼ਹਿਰ ਵਿੱਚ ਹੋਣ ਵਾਲੇ ਕਈ ਵਿਕਾਸ ਦੇ ਕੰਮਾਂ ਦੀਆਂ ਫਾਈਲਾਂ ਸਰਕਾਰੀ ਦਫ਼ਤਰਾਂ ਵਿੱਚ ਰੋਕੀਆਂ ਗਈਆਂ ਜਿਨ੍ਹਾਂ ਨਾਲ ਲੋਕਾਂ ਦੀਆਂ ਅਨੇਕਾਂ ਮੁਸ਼ਕਲਾਂ ਦੂਰ ਹੋਣੀਆਂ ਸਨ। ਸ਼ਹਿਰ ਵਿੱਚ ਕਾਂਗਰਸ ਪਾਰਟੀ ਵੱਲੋਂ ਰੋਕੇ ਗਏ ਕੰਮਾਂ ਨੂੰ ਸਿਰੇ ਚੜ੍ਹਾਉਣ ਅਤੇ ਸ਼ਹਿਰ ਦੇ ਵਿਕਾਸ ਦੇ ਨਿਸ਼ਾਨੇ ਨੂੰ ਮੁੱਖ ਰੱਖਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਨਾਲ ਮਿਲਕੇ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲੜੀਆਂ ਜਾਣ। ਪਾਰਟੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਯੋਗ, ਪੜ੍ਹੇ ਲਿਖੇ ਅਤੇ ਇਮਾਨਦਾਰ ਉਮੀਦਵਾਰਾਂ ਨੂੰ ਆਪਣੀ ਵੋਟ ਪਾਕੇ ਕੌਂਸਲਰ ਚੁਣਨ ਤਾਂ ਜੋ ਸ਼ਹਿਰ ਦੇ ਵਿਕਾਸ ਲਈ ਕੰਮ ਕੀਤਾ ਜਾ ਸਕੇ।