ਪੰਜਾਬ ਵਿੱਚ ਸਥਿਰ, ਚੰਗੀ ਤੇ ਇਮਾਨਦਾਰ ਸਰਕਾਰ ਦੇਵੇਗੀ ‘ਆਪ’: ਕੇਜਰੀਵਾਲ

ਚੰਨੀ ਜਾਂ ਤਾਂ ਕੈਪਟਨ ਦੇ ਸਾਰੇ ਵਾਅਦੇ ਪੂਰੇ ਕਰਨ ਜਾਂ ਮੰਨੇ ਕੈਪਟਨ ਨੇ ਝੂਠੇ ਵਾਅਦੇ ਕੀਤੇ

ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਮੀਡੀਆ ਦੇ ਰੂਬਰੂ ਹੋਏ ਅਰਵਿੰਦ ਕੇਜਰੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਸਤੰਬਰ:
‘ਪੰਜਾਬ ਵਿੱਚ ਰਾਜਨੀਤਕ ਅਸਥਿਰਤਾ ਬਣੀ ਹੋਈ ਹੈ, ਜੋ ਬਹੁਤ ਮੰਦਭਾਗੀ ਗੱਲ ਹੈ। ਕਾਂਗਰਸ ਪਾਰਟੀ ਨੇ ਸਰਕਾਰ ਦਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਲੋਕ ਨਿਰਾਸ਼ ਹਨ ਕਿ ਉਹ ਆਪਣੀਆਂ ਸਮੱਸਿਆਵਾਂ ਕਿਸ ਕੋਲ ਲੈ ਕੇ ਜਾਣ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਿਆਂ ਸਵਾਲ ਕੀਤਾ ਕਿ ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਸਾਰੇ ਵਾਅਦੇ ਪੂਰੇ ਕਰਨ ਜਾਂ ਇਹ ਮੰਨਣ ਕਿ ਕੈਪਟਨ ਨੇ ਝੂਠੇ ਵਾਅਦੇ ਕੀਤੇ ਸੀ। ਉਂਜ ਉਨ੍ਹਾਂ ਨੇ ਚੰਨੀ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਦੋਂ ਉਹ (ਅਰਵਿੰਦ ਕੇਜਰੀਵਾਲ) ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਕੋਲ ਕੇਵਲ 49 ਦਿਨਾਂ ਦਾ ਸਮਾਂ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਬਿਜਲੀ ਸਸਤੀ ਕੀਤੀ, ਪੀਣ ਵਾਲਾ ਪਾਣੀ ਮੁਫ਼ਤ ਦੇਣ ਸਮੇਤ ਭ੍ਰਿਸ਼ਟਾਚਾਰ ਖ਼ਤਮ ਕੀਤਾ ਪ੍ਰੰਤੂ ਚੰਨੀ ਕੋਲ ਸਾਰੇ ਵਾਅਦੇ ਪੂਰੇ ਕਰਨ ਲਈ ਕਰੀਬ 4 ਮਹੀਨੇ ਦਾ ਸਮਾਂ ਹੈ।
ਇਸ ਮੌਕੇ ਸ੍ਰੀ ਕੇਜਰੀਵਾਲ ਨੇ ‘ਆਪ’ ਦੇ ਸੰਭਾਵੀ ਮੁੱਖ ਮੰਤਰੀ ਦੇ ਉਮੀਦਵਾਰ ਬਾਰੇ ਕੁੱਝ ਵੀ ਦੱਸਣ ਤੋਂ ਟਾਲਾ ਵਟਦਿਆਂ ਸਿਰਫ਼ ਏਨਾ ਹੀ ਕਿਹਾ ਕਿ ਪੰਜਾਬ ਨੂੰ ਅਜਿਹਾ ਚਿਹਰਾ ਦਿੱਤਾ ਜਾਵੇਗਾ, ਜਿਸ ’ਤੇ ਸੂਬੇ ਦੇ ਲੋਕ ਫ਼ਖ਼ਰ ਕਰਨਗੇ। ਜਦੋਂਕਿ ਕਿਆਸ-ਆਰਾਈਆਂ ਇਹ ਲਗਾਈਆਂ ਜਾ ਰਹੀਆਂ ਸਨ ਕਿ ਕੇਜਰੀਵਾਲ ਅੱਜ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਕਰਨਗੇ। ਭਗਵੰਤ ਮਾਨ ਅਤੇ ਉਨ੍ਹਾਂ ਦੇ ਸਮਰਥਕ ਵੀ ਕਾਫ਼ੀ ਆਸਵੰਦ ਸੀ ਕਿ ਮਾਨ ਦੇ ਨਾਂ ਦੀ ਘੋਸ਼ਣਾ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੇਵਲ ਆਮ ਆਦਮੀ ਪਾਰਟੀ ਤੋਂ ਹੀ ਉਮੀਦ ਬਚੀ ਹੈ ਅਤੇ ‘ਆਪ’ ਹੀ ਪੰਜਾਬ ਵਿੱਚ ਸਥਿਰ, ਚੰਗੀ ਅਤੇ ਇਮਾਨਦਾਰ ਸਰਕਾਰ ਦੇਵੇਗੀ। ਇਸ ਤੋਂ ਪਹਿਲਾਂ ਮੁਹਾਲੀ ਏਅਰਪੋਰਟ ’ਤੇ ‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਬਲਜਿੰਦਰ ਕੌਰ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾ, ਮੀਤ ਹੇਅਰ, ਮਾ. ਬਲਦੇਵ ਸਿੰਘ ਜੈਤੋ (ਸਾਰੇ ਵਿਧਾਇਕ) ਅਤੇ ਹੋਰ ਆਗੂਆਂ ਨੇ ਪਾਰਟੀ ਸੁਪਰੀਮੋ ਦਾ ਪੰਜਾਬ ਆਉਣ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ-ਇੰਚਾਰਜ ਰਾਘਵ ਚੱਢਾ ਵੀ ਮੌਜੂਦ ਸਨ।
ਕੇਜਰੀਵਾਲ ਨੇ ਚੰਨੀ ਲਈ 5 ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲੀ ਗੱਲ, ‘ਮੁੱਖ ਮੰਤਰੀ ਚੰਨੀ ’ਤੇ ਦੋਸ਼ ਲੱਗੇ ਰਹੇ ਹਨ ਕਿ ਉਨ੍ਹਾਂ ਦਾਗੀ ਆਗੂਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੈ ਅਤੇ ਦਾਗੀ ਅਫ਼ਸਰਾਂ ਨੂੰ ਚੰਗੇ ਅਹੁਦੇ ਦਿੱਤੇ ਗਏ। ਇਨਾਂ ਦਾਗੀ ਮੰਤਰੀਆਂ, ਵਿਧਾਇਕਾਂ, ਅਫ਼ਸਰਾਂ ਨੂੰ ਤੁਰੰਤ ਅਹੁਦਿਆਂ ਤੋਂ ਹਟਾਇਆ ਜਾਵੇ ਅਤੇ ਉਨਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ। ਦੂਜਾ ਮੁੱਦਾ ਬਰਗਾੜੀ ਕਾਂਡ ਦੇ ਸਾਜਿਸ਼ਕਾਰਾਂ ਨੂੰ ਸਜ਼ਾ ਦੇਣ ਦਾ ਹੈ, ਜਿਨ੍ਹਾਂ ਦੇ ਨਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਵਿੱਚ ਸ਼ਾਮਲ ਹਨ। ਜੇ ਚੰਨੀ ਚਾਹੁਣ ਤਾਂ 24 ਘੰਟਿਆਂ ਵਿੱਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਨੂੰ ਸਜ਼ਾ ਮਿਲਣ ਨਾਲ ਹੀ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।
ਤੀਜੇ ਮੁੱਦੇ ਬਾਰੇ ਕੇਜਰੀਵਾਲ ਨੇ ਕਿਹਾ, ‘ਕੈਪਟਨ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲਾਂ ਦੇ ਰਾਜ ਵਿੱਚ ਨਾ ਨੌਕਰੀਆਂ ਦਿੱਤੀਆਂ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ। ਕਿਸਾਨੀ ਅਤੇ ਮਜ਼ਦੂਰਾਂ ਦੇ ਕਰਜ਼ੇ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਤੁਰੰਤ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨੇ ਚਾਹੀਦੇ ਹਨ ਅਤੇ ਪ੍ਰਾਈਵੇਟ ਬਿਜਲੀ ਸਮਝੌਤੇ (ਪੀਪੀਏ) ਤੁਰੰਤ ਰੱਦ ਕਰਨ ਦੀ ਲੋੜ ਹੈ।

Load More Related Articles
Load More By Nabaz-e-Punjab
Load More In Agriculture & Forrest

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…