ਨੀਲੇ ਕਾਰਡਾਂ ਦੀ ਸੂਚੀ ’ਚੋਂ ਗਰੀਬਾਂ ਦੇ ਨਾਂ ਕੱਟਣ ਖ਼ਿਲਾਫ਼ ‘ਆਪ’ ਵਲੰਟੀਅਰਾਂ ਵੱਲੋਂ ਰੋਸ ਮੁਜ਼ਾਹਰਾ

ਮੁਹਾਲੀ ਦੇ ਐਸਡੀਐਮ ਨੂੰ ਦਿੱਤਾ ਮੰਗ ਪੱਤਰ, ਪੀੜਤ ਲਾਭਪਾਤਰੀਆਂ ਦੇ ਨੀਲੇ ਕਾਰਡ ਬਣਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਮੁਹਾਲੀ ਜ਼ਿਲ੍ਹੇ ਵਿੱਚ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨਾਲ ਪੱਖਪਾਤ ਕਰਨ ਅਤੇ ਨੀਲੇ ਕਾਰਡਾਂ ਉੱਤੇ ਲਾਲ ਲਕੀਰ ਫੇਰਨ ਵਿਰੁੱਧ ਅੱਜ ਆਮ ਆਦਮੀ ਪਾਰਟੀ (ਆਪ) ਦੇ ਵਲੰਟੀਅਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਦਫ਼ਤਰ) ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬੋਲਦਿਆਂ ਆਪ ਦੀ ਮੁੱਖ ਬੁਲਾਰੇ ਇਕਬਾਲ ਸਿੰਘ, ਸੂਬਾ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਮਹਿਲਾ ਵਿੰਗ ਦੀ ਪ੍ਰਧਾਨ ਸ੍ਰੀਮਤੀ ਰਾਜ ਲਾਲ ਗਿੱਲ, ਜ਼ਿਲ੍ਹਾ ਪ੍ਰਧਾਨ ਹਰੀਸ਼ ਕੌਸ਼ਲ ਤੇ ਬਲਤੇਜ ਸਿੰਘ ਪੰਨੂ ਅਤੇ ਵਿਨੀਤ ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਾਰੇ ਵਰਗਾਂ ਦੇ ਲੋਕ ਬੇਹੱਦ ਦੁਖੀ ਹਨ। ਮਹਿੰਗਾਈ ਨੇ ਗਰੀਬ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਸਰਕਾਰ ਨੇ ਲੋੜਵੰਦਾਂ ਦੀ ਬਾਂਹ ਫੜਨ ਦੀ ਬਜਾਏ ਵੱਡੀ ਗਿਣਤੀ ਵਿੱਚ ਦਲਿਤ ਪਰਿਵਾਰਾਂ ਦੇ ਨੀਲੇ ਕਾਰਡ ਰੱਦ ਕਰ ਦਿੱਤੇ ਗਏ ਹਨ। ਜਿਸ ਕਾਰਨ ਅਸਲ ਲੋੜਵੰਦ ਰਾਸ਼ਨ ਅਤੇ ਹੋਰ ਭਲਾਈ ਸਕੀਮਾਂ ਨੂੰ ਤਰਸ ਗਏ ਹਨ।
ਆਗੂਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਪਏ ਹਨ। ਜਿਸ ਦਾ ਮਜ਼ਦੂਰਾਂ ਦੇ ਜੀਵਨ ’ਤੇ ਵੀ ਮਾਰੂ ਅਸਰ ਪਿਆ ਹੈ। ਹੁਕਮਰਾਨਾਂ ਨੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਦੀ ਥਾਂ ਐਵਰੇਜ ਬਿਜਲੀ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਰੋਨਾ ਸੰਕਟ ਪੀਰੀਅਡ ਦੇ ਘਰੇਲੂ ਅਤੇ ਵਪਾਰਕ ਬਿਜਲੀ ਬਿੱਲ ਮੁਆਫ਼ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਕਤ ਸਮੱਸਿਆਵਾਂ ਨੂੰ ਜਲਦੀ ਹੱਲ ਨਹੀਂ ਕੀਤਾ ਤਾਂ ‘ਆਪ’ ਵੱਲੋਂ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਮਲੋਆ, ਬਲਵਿੰਦਰ ਕੌਰ ਧਨੌੜਾ, ਪਰਮਿੰਦਰ ਗੋਲਡੀ, ਹਰਜੀਤ ਸਿੰਘ ਸਮੇਤ ਹੋਰ ਵਲੰਟੀਅਰ ਹਾਜ਼ਰ ਸਨ। ਇਸ ਦੌਰਾਨ ਵਲੰਟੀਅਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਲਿਖਿਆ ਮੰਗ ਪੱਤਰ ਐਸਡੀਐਮ ਜਗਦੀਪ ਸਹਿਗਲ ਨੂੰ ਸੌਂਪਿਆ ਅਤੇ ਨੀਲੇ ਕਾਰਡਾਂ ਕੱਟਣ ਦੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।
(ਬਾਕਸ ਆਈਟਮ)
ਆਪ ਦੀ ਸੂਬਾ ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਸਕਾਲਰਸ਼ਿਪ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਹੁਕਮਰਾਨ ਦਲਿਤ ਬੱਚਿਆਂ ਤੋਂ ਮੁਫ਼ਤ ਮਿਆਰੀ ਸਿੱਖਿਆ ਹਾਸਲ ਕਰਨ ਦਾ ਹੱਕ ਖੋਹ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ ਪ੍ਰੰਤੂ ਰਾਜ ਸਰਕਾਰ ਨੇ ਹਾਲੇ ਤੱਕ ਸੂਬੇ ਦੇ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਇਹ ਪੈਸਾ ਰਿਲੀਜ਼ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਗਰੀਬ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ ਕਿਉਂਕਿ ਪ੍ਰਬੰਧਕਾਂ ਨੇ ਹੁਣ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਸਕਾਲਰਸ਼ਿਪ ਦਾ ਪੈਸਾ ਤੁਰੰਤ ਰਿਲੀਜ਼ ਕੀਤਾ ਜਾਵੇ।

Load More Related Articles

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…