‘ਆਪ’ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣ: ਰਾਘਵ ਚੱਢਾ ਨੇ ਕੀਤਾ ਐਲਾਨ

ਮੁਹਾਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਮਾਨ ਦੀ ਉਮੀਦਵਾਰੀ ਦਾ ਰਾਘਵ ਚੱਢਾ ਨੇ ਕੀਤਾ ਰਸਮੀ ਐਲਾਨ

ਭਗਵੰਤ ਮਾਨ ਰਿਕਾਰਡਤੋੜ ਵੋਟਾਂ ਨਾਲ ਚੋਣ ਜਿੱਤ ਕੇ ਬਣਨਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ: ਰਾਘਵ ਚੱਢਾ

ਪੰਜਾਬ ਲਈ ‘ਇੱਕ ਤੇ ਇੱਕ ਗਿਆਰਾਂ’ ਸਾਬਤ ਹੋਵੇਗੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ: ਰਾਘਵ ਚੱਢਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਆਮ ਆਦਮੀ ਪਾਰਟੀ (ਆਪ) ਵੱਲੋਂ ਪਿਛਲੇ ਦਿਨੀਂ ਐਲਾਨੇ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਧੂਰੀ ਤੋਂ ਚੋਣ ਲੜਨਗੇ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਫੇਜ਼-6 ਸਥਿਤ ‘ਆਪ’ ਦੇ ਚੋਣ ਦਫ਼ਤਰ ਵਿੱਚ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਭਗਵੰਤ ਮਾਨ ਨੂੰ ਪੰਜਾਬ ਵਿੱਚ ਸੱਤਾ ਪਰਿਵਰਤਨ ਲਈ ਸਾਹ ਅਸਵਾਰ ਮੰਨਦੇ ਹਨ, ਕਿਉਂਕਿ ਉਹ (ਮਾਨ) ਲੋਕਾਂ ਦੇ ਦੁੱਖਾਂ ਤੇ ਖ਼ੁਸ਼ੀਆਂ ਦੇ ਭਾਈਵਾਲ ਹਨ। ਉਸ ਦੇ ਦਿਲ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਜਾੜੇ ਦਾ ਦਰਦ ਹੈ।
ਰਾਘਵ ਚੱਢਾ ਨੇ ਵੱਡੇ ਵਿਸ਼ਵਾਸ ਨਾਲ ਕਿਹਾ ਕਿ ਮਾਨ ਧੂਰੀ ਤੋਂ ਰਿਕਾਰਡਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰ ਕੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ। ਉਨ੍ਹਾਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਪੰਜਾਬ ਲਈ ‘ਇੱਕ ਤੇ ਇੱਕ ਗਿਆਰਾਂ’ ਭਾਵ ਜੇਤੂ ਸਿੱਧ ਹੋਵੇਗੀ, ਕਿਉਂਕਿ ਪੰਜਾਬ ਦੇ ਲੋਕ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਦਿਲੋਂ ਪਿਆਰ ਕਰਦੇ ਹਨ।
ਰਾਘਵ ਚੱਢਾ ਨੇ ਕਿਹਾ ਕਿ ਭਗਵੰਤ ਮਾਨ ‘ਆਪ’ ਦੇ ਇਕਲੌਤੇ ਸੰਸਦ ਮੈਂਬਰ ਹਨ ਜੋ ਸੰਸਦ ਵਿੱਚ ਲੋਕਾਂ ਦੇ ਮੁੱਦੇ ਚੁੱਕਦੇ ਹਨ ਅਤੇ ਉਨ੍ਹਾਂ ਨੇ ਪੰਜਾਬ ਵਿੱਚ ਪਾਰਟੀ ਨੂੰ ਪਿੰਡ ਪੱਧਰ ’ਤੇ ਮਜ਼ਬੂਤ ਕੀਤਾ ਹੈ। ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਦੋ ਵਾਰ 2014 ਅਤੇ 2019 ਵਿੱਚ ਸੰਸਦ ਮੈਂਬਰ ਚੁਣਿਆ ਅਤੇ ਲੋਕਾਂ ਦੀ ਇੱਛਾ ਸੀ ਕਿ ਮਾਨ ਇਸੇ ਇਲਾਕੇ ’ਚੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਚੋਣ ਲੜਨ। ਇਸ ਲਈ ਪਾਰਟੀ ਨੇ ਮਾਨ ਨੂੰ ਧੂਰੀ ਤੋਂ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਸਿਰਫ਼ ‘ਆਪ’ ਹੀ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣ ਮੈਦਾਨ ਵਿੱਚ ਉਤਰ ਰਹੀ ਹੈ ਜਦੋਂਕਿ ਬਾਕੀ ਪਾਰਟੀਆਂ ਹਾਲੇ ਤੱਕ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਸਕੀਆਂ, ਜਦੋਂਕਿ ਕਾਂਗਰਸ ਵਿੱਚ ਘਮਾਂਸਾਨ ਛੜਿਆਂ ਹੋਇਆ ਹੈ।
ਰਾਘਵ ਚੱਢਾ ਨੇ ਕਿਹਾ ਕਿ ਦੇਸ਼ ਵਿੱਚ ਸੋਨੀ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਨੂੰ ਸੱਤਾਧਾਰੀ ਪਾਰਟੀਆਂ ਨੇ ਬੌਧਿਕ, ਆਰਥਿਕ, ਭਾਈਚਾਰਕ ਸਾਂਝ ਅਤੇ ਨੈਤਿਕ ਪੱਖੋਂ ਬਰਬਾਦ ਕੀਤਾ ਹੈ। ਅੱਜ ਪੰਜਾਬ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਈ ਹੈ। ਭ੍ਰਿਸ਼ਟਾਚਾਰ, ਮਾਫ਼ੀਆ ਰਾਜ, ਡਰੱਗ ਦਾ ਜਾਲ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ ਹੈ, ਜਿਸ ਲਈ ਅਕਾਲੀ ਦਲ, ਭਾਜਪਾ, ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਬਰਾਬਰ ਦੇ ਜ਼ਿੰਮੇਵਾਰ ਹਨ, ਕਿਉਂਕਿ ਬਾਦਲ ਪਰਿਵਾਰ ਨੇ 20 ਸਾਲ ਅਤੇ ਕਾਂਗਰਸ ਨੇ 25 ਸਾਲ ਰਾਜ ਕਰਕੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ।
ਇਸ ਮੌਕੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਵਿਨੀਤ ਵਰਮਾ, ਜਗਤਾਰ ਸਿੰਘ ਸੰਘੇੜਾ ਵੀ ਮੌਜੂਦ ਸਨ।
(ਬਾਕਸ ਆਈਟਮ)
ਈਡੀ ਦੀ ਛਾਪੇਮਾਰੀ ਬਾਰੇ ਪੁੱਛੇ ਜਾਣ ’ਤੇ ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਚੋਣਾਂ ਦੇ ਮੌਕੇ ਅਕਸਰ ਭਾਜਪਾ ਵਿਰੋਧੀਆਂ ’ਤੇ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੰਦੀ ਹੈ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜੋ ਵਾਰ ਵਾਰ ਇਹ ਕਹਿੰਦੇ ਨਹੀਂ ਥੱਕਦੇ ਕਿ ਉਹ ਆਮ ਆਦਮੀ ਅਤੇ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਇਆ ਹੈ ਪ੍ਰੰਤੂ ਈਡੀ ਦੇ ਛਾਪੇਮਾਰੀ ਦੌਰਾਨ ਚੰਨੀ ਦੇ ਭਤੀਜੇ ਦੇ ਫਲੈਟ ’ਚੋਂ 10 ਕਰੋੜ ਦੀ ਬਰਾਮਦਗੀ ਹੋਣ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਜੇਕਰ ਚੰਨੀ ਦੇ ਇਕ ਭਤੀਜੇ ਦੇ ਘਰੋਂ ਏਨੀ ਮਾਤਰਾ ਵਿੱਚ ਪੈਸੇ ਬਰਾਮਦ ਹੋਏ ਹਨ, ਜੇਕਰ ਬਾਕੀ ਰਿਸ਼ਤੇਦਾਰਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਪਤਾ ਨਹੀਂ ਕਿੰਨੀ ਕੁ ਮਾਇਆ ਮਿਲੇਗੀ।
ਰਾਘਵ ਚੱਢਾ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਚੰਨੀ ਨੂੰ ਸਿਰਫ਼ 111 ਦਿਨ ਹੀ ਮਿਲੇ ਹਨ। ਜੇਕਰ ਪੂਰੇ ਪੰਜ ਸਾਲ ਦਾ ਸਮਾਂ ਮਿਲ ਜਾਂਦਾ ਤਾਂ ਪੰਜਾਬ ਨੂੰ ਲੁੱਟ ਕੇ ਖਾ ਜਾਣਾ ਸੀ। ਉਨ੍ਹਾਂ ਕਿਹਾ ਕਿ ਚੰਨੀ ਨੇ ਪੰਜਾਬ ਨੂੰ ਲੁੱਟਣ ਦੇ ਮਾਮਲੇ ਵਿੱਚ ਬਾਦਲਾਂ ਅਤੇ ਕੈਪਟਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਲਈ ਰਾਜ ਦੇ ਲੋਕਾਂ ਨੂੰ ਹੁਣ ਆਮ ਆਦਮੀ ਪਾਰਟੀ ਤੋਂ ਬਹੁਤ ਵੱਡੀਆਂ ਆਸਾਂ ਅਤੇ ਉਮੀਦਾਂ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …