ਪੰਜਾਬ ਵਿੱਚ ਆਪ 100 ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰੇਗੀ: ਸੰਜੇ ਸਿੰਘ

ਦਿੱਲੀ ਦੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਵੀ ਮੁਹੱਈਆ ਕਰਵਾਈਆਂ ਜਾਣਗੀਆ

ਨਬਜ਼-ਏ-ਪੰਜਾਬ ਬਿਊਰੋ, ਸਾਹਨੇਵਾਲ, 15 ਜਨਵਰੀ:
ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਅੱਜ ਸਾਹਨੇਵਾਲ ਦੇ ਢੰਡਾਰੀ ਕਲਾਂ, ਲੁਧਿਆਣਾ ਈਸਟ ਅਤੇ ਪਾਇਲ ਵਿੱਚ ਵਿੱਚ ਭਰਵੀਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਇਹ ਪਿਛਲੇ 10 ਸਾਲ ਵਿੱਚ ਅਕਾਲੀਆਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਨਿਕਲੀ ਹੈ ਅਤੇ ਪੰਜਾਬ ਨੂੰ ਮਾਫੀਆ ਅਤੇ ਗੁੰਡਾਰਾਜ ਤੋਂ ਹਰ ਹਾਲ ਵਿੱਚ ਬਚਾਇਆ ਜਾਵੇਗਾ।
ਸ੍ਰੀ ਸੰਜੇ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਮਿਲ ਰਹੇ ਭਰਵੇਂ ਹੁੰਗਾਰੇ ਅਤੇ ਪਿਆਰ ਤੋਂ ਇਹ ਸਾਬਿਤ ਹੋ ਚੁੱਕਾ ਹੈ ਕਿ ਲੋਕ ਇਨਾਂ ਭ੍ਰਿਸ਼ਟਾਚਾਰੀ ਸਿਆਸਦਾਨਾਂ ਤੋਂ ਤੰਗ ਆ ਚੁੱਕੇ ਹਨ ਅਤੇ ਇਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਤੋਂ ਲੋਕ ਐਨੇ ਦੁਖੀ ਹੋ ਚੁੱਕੇ ਹਨ ਕਿ ਉਹ ਹੁਣ ਸਿਰਫ ਵੋਟਾਂ ਵਾਲੇ ਦਿਨ ਦਾ ਇੰਤਜਾਰ ਕਰ ਰਹੇ ਹਨ ਤਾਂ ਜੋ ਆਪਣੀ ਮਨਪਸੰਦ ਆਮ ਆਦਮੀ ਪਾਰਟੀ ਮਤਲਬ ਆਮ ਲੋਕਾਂ ਦੀ ਸਰਕਾਰ ਨੂੰ ਚੁਣ ਸਕਣ। ਉਨਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਝਾੜੂ ਇਸ ਕਦਰ ਚੱਲੇਗਾ ਕਿ ਪੰਜਾਬ ਵਿੱਚ 100 ਤੋਂ ਜਿਆਦਾ ਸੀਟਾਂ ਉਤੇ ਅਕਾਲੀ ਅਤੇ ਕਾਂਗਰਸੀ ਉਮੀਦਵਾਰਾਂ ਦੀ ਐਨੀ ਬੁਰੀ ਤਰਾਂ ਨਾਲ ਹਾਰ ਹੋਵੇਗੀ, ਜਿੰਨੀ ਕਿ ਇਤਿਹਾਸ ਵਿੱਚ ਕਦੇ ਨਹੀਂ ਹੋਈ ਹੋਵੇਗੀ।
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਉਤੇ ਵਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਗਰੀਬ ਲੋਕਾਂ ਨੂੰ ਦੋ ਜੂਨ ਦੀ ਰੋਟੀ ਨਸੀਬ ਨਹੀਂ ਹੋ ਰਹੀ ਅਤੇ ਦੂਜੇ ਪਾਸੇ ਬਾਦਲ ਦੀ ਸਰਕਾਰ ਪੰਜਾਬ ਦੇ ਰੇਤਾ ਅਤੇ ਬਜਰੀ ਖਾ ਰਹੀ ਰਹੀ ਹੈ, ਪਰ ਫਿਰ ਵੀ ਉਸਦਾ ਢਿੱਡ ਨਹੀਂ ਭਰ ਰਿਹਾ। ਉਨਾਂ ਕਿਹਾ ਕਿ ਬਾਦਲ ਨੇ ਪੰਜਾਬ ਦੇ ਸਾਰੇ ਕਾਰੋਬਾਰਾਂ ਉਤੇ ਕਬਜਾ ਕਰ ਲਿਆ ਅਤੇ ਪੰਜਾਬ ਦੀ ਆਮ ਜਨਤਾ ਨੂੰ ਭੁੱਖੇ ਮਰਨ ਲਈ ਛੱਡ ਦਿੱਤਾ ਦਿੱਤਾ। ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿੰਦ ਹਨ ਕਿ ਆਮ ਆਦਮੀ ਪਾਰਟੀ ਨੂੰ ਸਿਆਸਤ ਦਾ ਕੋਈ ਤਜਰਬਾ ਨਹੀਂ ਹੈ, ਤਾਂ ਉਹ ਝੂਠ ਨਹੀਂ ਬੋਲ ਰਹੇ, ਕਿਉਂਕਿ ਆਮ ਆਦਮੀ ਪਾਰਟੀ ਨੂੰ ਨਾ ਤਾਂ ਟ੍ਰਾਂਸਪੋਰਟ ਉਤੇ ਕਬਜਾ ਕਰਨਾ ਆਉਂਦਾ ਹੈ, ਨਾ ਹੀ ਕੇਬਲ ਉਤੇ ਕਬਜਾ ਕੀਤਾ ਹੈ, ਨਾ ਹੀ ਸ਼ਰਾਬ ਦੇ ਠੇਕੇ ਆਪਣੇ ਹੱਥ ਵਿੱਚ ਲਏ ਹਨ ਅਤੇ ਨਾ ਹੀ ਮਾਫੀਆ ਚਲਾਉਂਦੀ ਹੈ। ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਿਰਫ ਆਮ ਲੋਕਾਂ ਦੇ ਹਿੱਤਾਂ ਤੱਕ ਮਤਲਬ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਨੇ ਕਿਹਾ ਕਿ ਇੱਕ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਅਤੇ ਡਰੱਗ ਮਾਫੀਆ ਤੇ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਅੰਦਰ ਸੁੱਟਿਆ, ਉਸ ਸਮੇਂ ਬਾਦਲ ਨੂੰ ਪਤਾ ਚੱਲ ਜਾਵੇਗਾ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣ ਦਾ ਕਿੰਨਾ ਤਜਰਬਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 450 ਕਮਰਿਆਂ ਵਿੱਚ ਰਹਿਣ ਵਾਲੇ ਮੁਕੇਸ਼ ਅੰਬਾਨੀ ਉਤੇ ਵੀ ਪਰਚਾ ਕਰਾਇਆ ਹੈ, ਤਾਂ ਪੰਜਾਬ ਨੂੰ ਲੁੱਟਣ ਵਾਲੇ ਇਨਾਂ ਭ੍ਰਿਸ਼ਟਾਚਾਰੀਆਂ ਨੂੰ ਤਾਂ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਸ੍ਰੀ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿੱਚ ਲੋਕ ਭਲਾਈ ਦੇ ਅਜਿਹੇ ਕੰਮ ਕੀਤੇ ਹਨ ਜਿਨਾਂ ਦੀ ਚਰਚਾ ਇਸ ਵੇਲੇ ਪੂਰੀ ਦੁਨੀਆਂ ਵਿੱਚ ਹੈ। ਉਨਾਂ ਕਿਹਾ ਕਿ ਦਿੱਲੀ ਵਿੱਚ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਉਨਾਂ ਨੂੰ 20 ਹਜਾਰ ਲਿਟਰ ਪਾਣੀ ਮੁਫਤ ਮਿਲੇਗਾ, ਉਨਾਂ ਦੇ ਬਿਜਲੀ ਦੇ ਬਿਲ ਅੱਧੇ ਹੋ ਜਾਣਗੇ, ਸਿਹਤ ਸਹੂਲਤਾਂ ਮੁਫਤ ਮਿਲਣਗੀਆਂ ਅਤੇ ਸਰਕਾਰੀ ਸਕੂਲਾਂ ਦਾ ਪੱਧਰ ਪ੍ਰਾਈਵੇਟ ਸਕੂਲਾਂ ਤੋਂ ਵੀ ਉਪਰ ਹੋ ਜਾਵੇਗਾ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਸਭ ਸੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਮਗਰੋਂ ਪੰਜਾਬ ਵਿੱਚ ਵੀ ਲੋਕਾਂ ਨੂੰ ਦਿੱਲੀ ਦੀ ਤਰਜ ਉਤੇ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ, ਸਰਕਾਰ ਦੇ ਗਠਨ ਮਗਰੋਂ ਉਨਾਂ ਨੂੰ ਪਹਿਲੇ ਦਿਨ ਤੋਂ ਹੀ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…