
ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ
ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 26 ਜੂਨ:
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਦੁਰਗੇਸ਼ ਪਾਠਕ ਨੇ ਦਿੱਲੀ ਦੇ ਰਾਜਿੰਦਰ ਨਗਰ ਹਲਕੇ ਤੋਂ 11,555 ਵੋਟਾਂ ਨਾਲ ਉੱਪ ਚੋਣ ਜਿੱਤ ਗਏ ਹਨ।
ਜਾਣਕਾਰੀ ਅਨੁਸਾਰ ਇੱਥੋਂ ਦੇ ਰਾਜਿੰਦਰ ਨਗਰ ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ 55.76 ਫੀਸਦੀ, ਭਾਜਪਾ ਨੂੰ 39.92 ਫੀਸਦੀ ਵੋਟਾਂ ਪਈਆਂ ਹਨ ਜਦੋਂਕਿ ਕਾਂਗਰਸ ਨੂੰ ਸਿਰਫ਼ 2.79 ਫੀਸਦੀ ਵੋਟਾਂ ਹੀ ਮਿਲੀਆਂ ਹਨ। 545 ਵੋਟਰਾਂ ਨੇ ‘ਨੋਟਾ’ ਦਾ ਬਟਨ ਦਬਾਇਆ ਹੈ।
ਉਪ ਚੋਣ ਸਬੰਧੀ ਅੱਜ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਦਿੱਲੀ ਦੇ ਮੁੱਖ ਚੋਣ ਦਫ਼ਤਰ ਦੇ ਅੰਕੜਿਆਂ ਮੁਤਾਬਕ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਵਿੱਚ ਵੀਰਵਾਰ ਨੂੰ ਵੋਟਾਂ ਪਈਆਂ ਹਨ। ਕੁੱਲ 43.75 ਫੀਸਦੀ ਮਤਦਾਨ ਹੋਇਆ ਸੀ।
ਜਾਣਕਾਰੀ ਅਨੁਸਾਰ ਇਹ ਸੀਟ ‘ਆਪ’ ਦੇ ਆਗੂ ਰਾਘਵ ਚੱਢਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਖਾਲੀ ਹੋਈ ਸੀ।
ਵੀਰਵਾਰ ਨੂੰ ਜ਼ਿਮਨੀ ਚੋਣ ਵਿੱਚ ਵੋਟ ਪਾਉਣ ਆਏ ਰਾਜਿੰਦਰ ਨਗਰ ਨਿਵਾਸੀਆਂ ਦੇ ਮਨਾਂ ਵਿੱਚ ਜਲ ਸਪਲਾਈ ਦੇ ਮੁੱਦੇ ਅਤੇ ਸੜਕੀ ਬੁਨਿਆਦੀ ਢਾਂਚੇ ਦਾ ਘਟੀਆ ਮੁੱਦਾ ਰਾਜ ਕਰ ਰਿਹਾ ਸੀ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਰਾਘਵ ਚੱਢਾ ਜੋ ਕਿ ਮਾਰਚ ਤੱਕ ਦਿੱਲੀ ਜਲ ਬੋਰਡ ਦੇ ਉਪ-ਚੇਅਰਮੈਨ ਸਨ ਦੇ ਵਿਧਾਇਕ ਹੋਣ ਦੇ ਬਾਵਜੂਦ ਖੇਤਰ ਵਿੱਚ ਪਾਣੀ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੋਇਆ ਹੈ।
‘ਆਪ’ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਸੀ। ਉਂਜ ਕਈ ਪੋਲਿੰਗ ਬੂਥਾਂ ‘ਤੇ ਕਾਂਗਰਸ ਦੇ ਵਰਕਰਾਂ ਦੀ ਗੈਰਹਾਜ਼ਰੀ ਤੋਂ ਸਪੱਸ਼ਟ ਨਜ਼ਰ ਆ ਰਿਹਾ ਸੀ ਕਿ ਕਾਂਗਰਸ ਮਹਿਜ਼ ਖ਼ਾਨਾਪੂਰਤੀ ਲਈ ਹੀ ਚੋਣ ਲੜੀ ਰਹੀ ਸੀ।