
ਟਿਕਟਾਂ ਦੀ ਖ਼ਰੀਦੋ ਫ਼ਰੋਖ਼ਤ ਦੇ ਦੋਸ਼ਾਂ ਨਾਲ ‘ਆਪ’ ਦਾ ਚਿਹਰਾ ਨੰਗਾ ਹੋਇਆ: ਬਲਬੀਰ ਸਿੱਧੂ
ਮੁਹਾਲੀ ਦੇ ਸੂਝਵਾਨ ਲੋਕ ਨਿੱਜੀ ਹਿੱਤ ਸਾਧਨ ਵਾਲੇ ਕੁਲਵੰਤ ਸਿੰਘ ਦਾ ਬਿਸਤਰਾ ਕਰਨਗੇ ਗੋਲ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ (ਆਪ) ਦੇ ਆਪਣੇ ਆਗੂਆਂ ਵੱਲੋਂ ਪਾਰਟੀ ਹਾਈ ਕਮਾਨ ਉੱਤੇ ਟਿਕਟਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਲਗਾਏ ਜਾ ਰਹੇ ਦੋਸ਼ਾਂ ਬਾਰੇ ਪ੍ਰਤੀਕਰਮ ਕਰਦਿਆਂ ਕਿਹਾ ਹੈ ਕਿ ਇਸ ਨਾਲ ‘ਆਪ’ ਦਾ ਚਿਹਰਾ ਪੰਜਾਬ ਵਿੱਚ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਦੇ ਆਪਣੇ ਹੀ ਆਗੂਆਂ ਨੇ ਪਾਰਟੀ ਹਾਈਕਮਾਨ ’ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਪਾਰਟੀ ਦੀਆਂ ਟਿਕਟਾਂ ਵੇਚੀਆਂ ਹਨ ਜੋ ਕਿ ਬਹੁਤ ਗੰਭੀਰ ਇਲਜ਼ਾਮ ਹਨ।
ਉਨ੍ਹਾਂ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਬਾਰੇ ਕਿਹਾ ਕਿ ਉਸ ਦੀ ਫਿਤਰਤ ਹੀ ਆਪਣੇ ਨਿੱਜੀ ਹਿੱਤ ਸਾਧਨਾ ਰਹੀ ਹੈ ਅਤੇ ਇਸ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੁਲਵੰਤ ਸਿੰਘ ਨੇ ਅਕਾਲੀ ਦਲ ਨੂੰ ਧੋਖਾ ਦਿੱਤਾ ਅਤੇ ਫਿਰ ਉਸ ਨੂੰ ਮੇਅਰ ਬਣਾਉਣ ਵਾਲੀ ਕਾਂਗਰਸ ਪਾਰਟੀ ਨੂੰ ਵੀ ਧੋਖਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸ ਦਾ ਜਵਾਬ ਕੁਲਵੰਤ ਸਿੰਘ ਤੇ ਆਜ਼ਾਦ ਗਰੁੱਪ ਨੂੰ ਨਗਰ ਨਿਗਮ ਦੀਆਂ ਚੋਣਾਂ ਵਿੱਚ ਕੌਂਸਲਰ ਦੀ ਛੋਟੀ ਜਿਹੀ ਚੋਣ ਹਰਾ ਕੇ ਦੇ ਦਿੱਤਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਦੀ ਚੋਣ ਹਾਰਨ ਵਾਲੇ ਕੁਲਵੰਤ ਸਿੰਘ ਨੇ ਇੱਕ ਵਾਰ ਫਿਰ ਆਪਣੇ ਨਿੱਜੀ ਹਿੱਤਾਂ ਨੂੰ ਸਾਧਣ ਲਈ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਪਰ ਮੁਹਾਲੀ ਦੇ ਲੋਕ ਮੁੜ ਕੁਲਵੰਤ ਸਿੰਘ ਨੂੰ ਨਕਾਰਨ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਦੇ ਕਿਸੇ ਵੀ ਤਰ੍ਹਾਂ ਦੇ ਹੱਥਕੰਡੇ ਇਨ੍ਹਾਂ ਚੋਣਾਂ ਵਿੱਚ ਉਹ ਕਾਮਯਾਬ ਨਹੀਂ ਹੋਣਗੇ ਇਹ ਮੁਹਾਲੀ ਦੇ ਸੂਝਵਾਨ ਲੋਕ ਕੁਲਵੰਤ ਸਿੰਘ ਦਾ ਜੁੱਲੀ-ਬਿਸਤਰਾ ਸਮੇਟ ਕੇ ਉਨ੍ਹਾਂ ਨੂੰ ਮੁਹਾਲੀ ਤੋਂ ਬਾਹਰ ਦਾ ਰਸਤਾ ਵਿਖਾਉਣਗੇ।
ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਪਿਛਲੇ ਪੰਜ ਵਰ੍ਹਿਆਂ ਦੌਰਾਨ ਮੁਹਾਲੀ ਵਿੱਚ ਕੀਤੇ ਗਏ ਵਿਕਾਸ ਦੇ ਆਧਾਰ ਤੇ ਚੋਣ ਮੈਦਾਨ ਵਿਚ ਉਤਰੇ ਹਨ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਮੁਹਾਲੀ ਦੇ ਲੋਕ ਉਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਵੋਟਾਂ ਪਾ ਕੇ ਜਿਤਾਉਣਗੇ। ਉਨ੍ਹਾਂ ਮੁਹਾਲੀ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਵੀ ਕਮਰਕੱਸੇ ਕੱਸ ਕੇ ਘਰ ਘਰ ਜਾ ਕੇ ਕਾਂਗਰਸ ਦੀਆਂ ਨੀਤੀਆਂ ਅਤੇ ਮੁਹਾਲੀ ਵਿੱਚ ਕਰਵਾਏ ਗਏ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਪ੍ਰੇਰਿਆ ਅਤੇ ਨਾਲ ਹੀ ਕੋਵਿਡ ਪ੍ਰੋਟੋਕਾਲ ਦੀ ਇਨ ਬਿਨ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ।