nabaz-e-punjab.com

ਨੀਲੀ ਰਾਵੀ ਨਸਲ ਦੀ ਮੱਝ ਕਿਸਾਨੀ ਦੀ ਡਾਵਾਂਡੋਲ ਹਾਲਤ ਨੂੰ ਸੁਧਾਰਨ ਚ ਸਮਰੱਥ: ਬਲਬੀਰ ਸਿੱਧੂ

ਮੁਹਾਲੀ ਵਿੱਚ ਨੀਲੀ ਰਾਵੀ ਦੀ ਮੱਝ ਦੀ ਲੁਪਤ ਹੁੰਦੀ ਨਸਲ ਨੂੰ ਬਚਾਉਣ ਹਿੱਤ ਸੂਬਾ ਪੱਧਰੀ ਮੈਗਾ ਸਮਾਗਮ

ਕਣਕ ਝੋਨੇ ਦੇ ਉੱਤਮ ਬੀਜ ਵਾਂਗ ਕਿਸਾਨ ਦੁਧਾਰੂ ਜਾਨਵਰਾਂ ਨੂੰ ਉੱਤਮ ਵੀਰਜ ਦੇ ਟੀਕੇ ਲਗਵਾਉਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਕਿਸਾਨਾਂ ਨੂੰ ਹੁਣ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਕਣਕ ਝੋਨੇ ਦਾ ਉੱਤਮ ਬੀਜ ਲੈਣ ਲਈ ਉਹ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵੱਲ ਵਹੀਰਾ ਘੱਤਦੇ ਹਨ ਉਸੇ ਤਰ੍ਹਾਂ ਆਪਣੇ ਦੁਧਾਰੂ ਪਸ਼ੂਆਂ ਦੀ ਉੱਤਮ ਬ੍ਰੀਡ ਨੂੰ ਕਾਇਮ ਰੱਖਣ ਲਈ ਸਰਕਾਰ ਦੇ ਮੰਜ਼ੂਰਸ਼ੁਦਾ ਹਸਪਤਾਲਾਂ ਤੋਂ ਵਧੀਆ ਨਸਲ ਦੇ ਵੀਰਜ ਦੇ ਟੀਕੇ ਲਗਵਾਉਣੇ ਚਾਹੀਦੇ ਹਨ। ਨੀਲੀ ਰਾਵੀ ਨਸਲ ਦੀ ਮੱਝ ਸਾਡੇ ਪੰਜਾਬ ਦੀ ਖੁਸ਼ਹਾਲੀ ਦੀ ਪ੍ਰਤੀਕ ਰਹੀ ਹੈ, ਇਸ ਕਰਕੇ ਸਾਨੂੰ ਨੀਲੀ ਰਾਵੀ ਦੀ ਉੱਤਮ ਬ੍ਰੀਡ ਨੂੰ ਕਾਇਮ ਰੱਖਣ ਲਈ ਹਰ ਹੀਲਾ ਵਰਤਣਾ ਚਾਹੀਦਾ ਹੈ।ਨੀਲੀ ਰਾਵੀ ਨਸਲ ਦੀ ਮੱਝ ਵੱਧ ਦੁੱਧ ਦੇਣ ਵਾਲਾ ਦੁਧਾਰੂ ਜਾਨਵਰ ਹੈ ਜੋ ਕਿ ਪੰਜਾਬ ਦੇ ਕੁਦਰਤੀ ਵਾਤਾਵਰਣ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਘੱਟ ਖਰਚੇ ਨਾਲ ਕਿਸਾਨਾਂ ਨੂੰ ਵੱਧ ਮੁਨਾਫਾ ਦੇਣ ਦੇ ਕਾਬਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਬੀਰ ਸਿੰਘ ਸਿੱਧੂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਵੱਲੋਂ ਅੱਜ ਨੀਲੀ ਰਾਵੀ ਮੱਝ ਦੀ ਲੁਪਤ ਹੁੰਦੀ ਜਾ ਰਾਹੀ ਨਸਲ ਨੂੰ ਬਚਾਉਣ ਲਈ ਮੁਹਾਲੀ ਦੇ ਲਾਈਵਸਟਾਕ ਭਵਨ ਵਿਖੇ ਕਰਵਾਏ ਗਏ ਰਾਜ ਪੱਧਰੀ ਮੈਗਾ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਪੰਜਾਬ ਬੋਵਾਈਨ ਬਰੀਡਿੰਗ ਐਕਟ-2016 ਦੇ ਤਹਿਤ ਅਣ ਅਧਿਕਾਰਤ ਵੀਰਜ ਨੂੰ ਵੇਚਣ ਤੇ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਧੀਆ ਨਸਲ ਦੇ ਸਾਨ੍ਹਾਂ ਦੇ ਸੀਮਨ ਨੂੰ ਸੀਮਨ ਸੈਕਸਿੰਗ ਤਕਨੀਕ ਨਾਲ ਕੇਵਲ ਕੱਟੀਆਂ ਅਤੇ ਵੱਛੀਆਂ ਪੈਦਾ ਕਰਨ ਵਾਲਾ ਸੀਮਨ ਬਣਾਉਣ ਹਿੱਤ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜਿਹੀ ਤਕਨੀਕ ਨਾਲ ਗਾਰੰਟੀ ਸ਼ੁਦਾ ਕੱਟੀਆਂ ਅਤੇ ਵੱਛੀਆਂ ਦਾ ਜਨਮ ਹੋਵੇਗਾ ਅਤੇ ਮੋੜਵੇਂ ਰੂਪ ਵਿੱਚ ਕਿਸਾਨਾਂ ਲਈ ਦੁੱਧ ਪੈਦਾਵਾਰ ਦੇ ਸਰੋਤ ਕਈ ਗੁਣਾ ਵੱਧ ਜਾਣਗੇ। ਉਨ੍ਹਾਂ ਜ਼ੋਰ ਦੇ ਕੇ ਇਹ ਗੱਲ ਆਖੀ ਕਿ ਪੰਜਾਬ ਦੀ ਨੀਲੀ ਰਾਵੀ ਨਸਲ ਦੀ ਮੱਝ ਵਿੱਚ ਉਹ ਸਾਰੇ ਗੁਣ ਮੌਜੂਦ ਹਨ ਜਿਸ ਨਾਲ ਕਿਸਾਨਾਂ ਦੀ ਡਾਵਾਂਡੋਲ ਹੋ ਰਹੀ ਆਰਥਿਕ ਹਾਲਤ ਨੂੰ ਕੁਛ ਹੱਦ ਤੱਕ ਮੁੜ ਲੀਹ ਤੇ ਲਿਆਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੇ ਘੁੰਮਦੇ ਅਵਾਰਾ ਪਸ਼ੂ ਅੱਜ ਸਾਡੇ ਸਮਾਜ ਦੀ ਇੱਕ ਭੈੜੀ ਅਲਾਮਤ ਬਣ ਚੁੱਕੀ ਹੈ ਪਰ ਇਹ ਵੇਖਣ ਵਾਲੀ ਗੱਲ ਹੈ ਕਿ ਕਿਸੇ ਨੇ ਨੀਲੀ ਰਾਵੀ ਮੱਝ ਨੂੰ ਅਵਾਰਾ ਘੁੰਮਦੇ ਨਹੀਂ ਵੇਖਿਆ ਹੋਵੇਗਾ ਕਿਊਂਕਿ ਆਪਣੇ ਆਖਰੀ ਸਮੇ ਵਿੱਚ ਵੀ ਕਿਸਾਨ ਨੂੰ 35000 ਰੁਪਏ ਤੱਕ ਦਾ ਮੁਨਾਫਾ ਦੇ ਜਾਂਦੀ ਹੈ।
ਪਸ਼ੂ ਪਾਲਣ ਮੰਤਰੀ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਸਰਕਾਰ ਵੱਲੋ ਤਰਨ ਤਾਰਨ ਦੇ ਬੂਹ ਪਿੰਡ ਵਿਖੇ ਖੇਤਰੀ ਮੱਝ ਖੋਜ ਕੇਂਦਰ ਦੀ ਸਥਾਪਨਾ ਕਰ ਦਿੱਤੀ ਹੈ ਜਿਸ ਉਪਰ 20 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਖੋਜ਼ ਕੇਂਦਰ ਉੱਤੇ ਵਿਸ਼ਵੀ ਪੱਧਰ ਦੀ ਮੌਜੂਦਾ ਉੱਤਮ ਤਕਨੀਕੀ ਅਤੇ ਸਾਂਇਟੀਫਿਕ ਤਕਨੀਕ ਨਾਲ ਮੱਝਾਂ ਦੀ ਨਸਲ ਨੂੰ ਸੁਧਾਰਨ ਲਈ ਖੋਜ਼ ਕੀਤੀ ਜਾ ਰਹੀ ਹੈ। ਸ. ਸਿਧੂ ਨੇ ਕਿਸਾਨਾਂ ਨੂੰ ਇਹ ਭਾਵਨਾਤਮਕ ਅਪੀਲ ਵੀ ਕੀਤੀ ਕਿ ਕਿਸਾਨ ਇੱਕ ਜੁਝਾਰੂ ਵਰਗ ਹੈ ਜਿਸ ਨੇ ਸਦਾ ਹੀ ਪੰਜਾਬ ਨੂੰ ਵਿਸ਼ਵ ਭਰ ਵਿੱਚ ਮਾਣ ਦਿਆਇਆ ਹੈ ਪਰ ਇਹ ਬੜੇ ਹੀ ਦੁਖ ਦੀ ਗੱਲ ਹੈ ਕਿ ਅੱਜ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁਦਕੁਸ਼ੀ ਕਿਸੇ ਵੀ ਮੁਸੀਬਤ ਦਾ ਹੱਲ ਨਹੀਂ ਸਗੋਂ ਕਿਸਾਨਾਂ ਨੂੰ ਆਪਣੇ ਵਿਰਸੇ ਤੋਂ ਸੇਧ ਲੈ ਕੇ ਸੰਘਰਸ਼ ਅਤੇ ਮਿਹਨਤ ਦਾ ਰਾਹ ਅਪਨਾਉਣਾ ਚਾਹੀਦਾ ਹੈ।
ਪੰਜਾਬ ਦੀ ਲੁਪਤ ਹੁੰਦੀ ਜਾ ਰਹੀ ਨਸਲ ਨੀਲੀ ਰਾਵੀ ਨੂੰ ਬਚਾਉਣ ਅਤੇ ਇਸ ਦੀ ਉੱਤਮ ਬ੍ਰੀਡ ਨੂੰ ਸੰਭਾਲ ਕੇ ਪੰਜਾਬ ਦੇ ਹੋਰਨਾਂ ਰਾਜਾਂ ਅਤੇ ਵਿਦੇਸ਼ਾਂ ਵਿੱਚ ਇਸ ਬ੍ਰੀਡ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਅੱਜ ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਲਾਈਸਟਾਕ ਭਵਨ, ਮੁਹਾਲੀ ਵਿਖੇ ਰਾਜ ਪੱਧਰੀ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨ ਭਰਾਵਾਂ ਵੱਲੋਂ ਵੱਡੀ ਸ਼ਿਰਰਤ ਕੀਤੀ ਗਈ।
ਅੱਜ ਦੇ ਇਸ ਮੈਗਾ ਸਮਾਗਮ ਵਿੱਚ ਹਰਕੇਸ਼ ਸ਼ਰਮਾ, ਸਿਆਸੀ ਸਕੱਤਰ, ਪਸ਼ੂ ਪਾਲਣ ਮੰਤਰੀ, ਸੀ.ਆਈ.ਆਰ.ਬੀ. ਹਿਸਾਰ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ, ਡਾ. ਅਮਰਜੀਤ ਸਿੰਘ, ਡਾਇਰੈਕਟਰ, ਪਸ਼ੂ ਪਾਲਣ, ਸ. ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ, ਡਾ. ਮਦਨ ਮੋਹਨ, ਡਾਇਰੈਕਟਰ ਮੱਛੀ ਪਾਲਣ, ਡਾ. ਤੇਜਬੀਰ ਸਿੰਘ ਰੰਧਾਵਾ, ਪ੍ਰੋਜੈਕਟ ਕੋਆਰਡੀਨੇਟਰ, ਡਾ. ਰਣਜੋਧਨ ਸਿੰਘ ਸਹੋਤਾ ਅਤੇ ਡਾ. ਸਿਮਰਜੀਤ ਕੌਰ, ਵੈਟਨਰੀ ਯੂਨੀਵਰਸਿਟੀ ਤੋਂ ਵੀ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…