ਅਬੋਹਰ ਦਾ ਨਾਂ ਪਹਿਲੇ ਦਸ ਸਾਫ਼-ਸੁਥਰੇ ਸ਼ਹਿਰਾਂ ਵਿੱਚ ਹੋਵੇਗਾ ਸ਼ਾਮਲ: ਨਵਜੋਤ ਸਿੱਧੂ

ਕਾਂਗਰਸ ਦੇ ਰਾਜ ਸਮੇਂ ਹੀ ਹਮੇਸ਼ਾ ਅਬੋਹਰ ਦਾ ਹੋਇਆ ਵਿਕਾਸ: ਸੁਨੀਲ ਜਾਖੜ

ਪੰਜਾਬ ਸਰਕਾਰ ਵੱਲੋਂ ਅਬੋਹਰ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 500 ਕਰੋੜ ਰੁਪਏ ਖਰਚ ਕੀਤੇ ਜਾਣਗੇ

ਨਬਜ਼-ਏ-ਪੰਜਾਬ ਬਿਊਰੋ, ਫਾਜ਼ਿਲਕਾ, 27 ਅਕਤੂਬਰ:
ਪੰਜਾਬ ਦੇ ਸਥਾਨਕ ਸਰਕਾਰ ਤੇ ਸੈਰ-ਸਪਾਟਾ ਮਾਮਲੇ ਪੁਰਾਤੱਤਵ ਅਤੇ ਅਜਾਇਬ ਘਰ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਬੋਹਰ ਦੇ ਲੋਕਾਂ ਨਾਲ ਵਿਕਾਸ ਪੱਖੋ ਕੀਤੇ ਗਏ ਪੱਖ-ਪਾਤ ਨੂੰ ਫੁਲ-ਸਟਾਪ ਲਗਾ ਕੇ ਵਿਕਾਸ ਦੀ ਰੇਲ-ਗੱਡੀ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਬੋਹਰ ਜੋ ਸਵੱਛਤਾ ਪੱਖੋਂ 420ਵੇਂ ਨੰਬਰ ਤੱਕ ਦਿੱਤਾ ਗਿਆ ਸੀ ਉਸ ਨੂੰ ਬਹੁਤ ਜਲਦ ਵਿਕਾਸ ਕਰਵਾ ਕੇ ਪਹਿਲੇ ਦਸ ਸ਼ਹਿਰਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਸਿੱਧੂ ਨੇ ਅੱਜ ਅਬੋਹਰ ਵਿਖੇ ਅਮਰੁਤ ਸਕੀਮ ਅਧੀਨ ਲਗਭਗ 163.60 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਵਿੱਚ ਸੁਧਾਰ ਲਿਆਉਣ ਅਤੇ ਪੀਣ ਵਾਲੇ ਸਾਫ ਪਾਣੀ ਸ਼ਹਿਰ ਵਾਸੀਆਂ ਨੂੰ ਮੁਹੱਈਆਂ ਕਰਵਾਉਣ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਦੇ ਵਿਕਾਸ ਕਾਰਜਾਂ ਕਰਨ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਆਪਣੇ ਸ਼ੇਅਰੋ-ਸ਼ਾਇਰੀ ਵਾਲੇ ਵੱਖਰੇ ਤੇ ਨਿਵੇਕਲੇ ਅੰਦਾਜ ਵਿੱਚ ਕਿਹਾ ਕਿ ਅਬੋਹਰ ਦੇ ਦੁੱਖ ਭਰੇ ਦਿਨ ਬੀਤੇ ਚੁੱਕੇ ਹਨ ਤੇ ਹੁਣ ਇਥੋਂ ਦੇ ਲੋਕਾਂ ਲਈ ਖੁਸ਼ੀ ਭਰੇ ਦਿਨ ਸ਼ੁਰੂ ਹੋ ਗਏ ਹਨ।
ਉਨ੍ਹਾਂ ਪਿਛਲੇ ਦਸ ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨੂੰ ਲੁੱਟਣ-ਕੁੱਟਣ ਤੋਂ ਇਲਾਵਾ ਕੀਤੇ ਗਏ ਘਪਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੂਰੀ ਇਮਾਨਦਾਰੀ ਨਾਲ ਸੂਬੇ ਦਾ ਵਿਕਾਸ ਕੀਤਾ ਜਾਵੇਗਾ। ਸ. ਨਵਜੋਤ ਸਿੰਘ ਸਿੱਧੂ ਨੇ ਅਬੋਹਰ ਦੇ ਵਿਕਾਸ ਕਾਰਜਾਂ ਲਈ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸ਼ਹਿਰ ਦੀ ਸੁੰਦਰਤਾ ਲਈ ਹੋਰ 500 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਬੋਹਰ ਜੋ ਪਿਛਲੇ ਸਮੇਂ ਦੌਰਾਨ ਸਵੱਛਤਾ ਪੱਖੋਂ 420ਵੇਂ ਸਥਾਨ ’ਤੇ ਸੀ ਉਸਨੂੰ ਵਿਕਾਸ ਪੱਖੋਂ ਹੁਣ ਪਹਿਲੇ 10 ਸ਼ਹਿਰਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਬੋਹਰ ਖੇਤਰ ਵਿੱਚ ਪਹਿਲੀ ਵਾਰ ਨਹਿਰੀ ਪਾਣੀ ਦੀ ਸਮੱਸਿਆ ਦੂਰ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਥੋਹੜਾ ਇੰਤਜਾਰ ਕਰਨ ਤੇ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਹਣਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਮਾਰਤਾਂ ਦੇ ਨਕਸ਼ਿਆਂ ਨੂੰ ਆਨ-ਲਾਈਨ ਕਰਨ ਲਈ ਵਿਲਖਣ ਪਹਿਲ ਕਦਮੀ ਕੀਤੀ ਗਈ ਹੈ। ਉਨ੍ਹਾਂ ਆਪਣੀ ਵਿਲੱਖਣ ਸ਼ੈਲੀ ਰਾਹੀਂ ਅੌਰਤਾਂ ਦੀ ਮਹਾਨਤਾ ਨੂੰ ਬਿਆਨ ਕਰਦਿਆਂ ਕਿਹਾ ਕਿ ਹਮੇਸ਼ਾ ਕਾਂਗਰਸ ਦੇ ਰਾਜ ਸਮੇਂ ਅੌਰਤਾਂ ਨੂੰ ਸਤਿਕਾਰ ਮਿਲਿਆ ਹੈ।
ਇਸ ਉਪਰੰਤ ਕੈਬਨਿਟ ਮੰਤਰੀ ਸ੍ਰੀ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਬੋਹਰ ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦੀ ਜਾਂਚ ਦਾ ਕੰਮ ਆਖਰੀ ਪੜਾਅ ’ਤੇ ਹੈ ਤੇ ਬਹੁਤ ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਾਂਗਰਸ ਸੂਬੇ ਦੇ ਵਿਕਾਸ ਲਈ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰੇਗੀ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵੀ.ਆਈ.ਪੀ. ਕਲਚਰ ਦਾ ਤਿਆਗ ਕਰਨਾ ਕਾਂਗਰਸ ਦੀ ਬਹੁਤ ਹੀ ਵਧੀਆ ਪਹਿਲ ਕਦਮੀ ਤੇ ਨਿਵੇਕਲੀ ਸੋਚ ਦਾ ਨਤੀਜਾ ਹੈ ਜਿਸ ਨੂੰ ਮੁਲਕ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵੀ ਸਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ, ਲੁੱਟ-ਖਸੁੱਟ ਤੇ ਸੂਬੇ ਨੂੰ ਕਰਜ਼ੇ ਹੇਠ ਦਬਾਉਣ ਨਾਲ ਪੈਦਾ ਕੀਤੀਆਂ ਗਈਆਂ ਮੁਸ਼ਕਲਾਂ ਤੇ ਕਮਜ਼ੋਰੀਆਂ ਨੂੰ ਹੁਣ ਕਾਂਗਰਸ ਸਰਕਾਰ ਆਪਣੀ ਸੋਚ-ਸ਼ਕਤੀ ਤੇ ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਰਾਜ ਦੇ ਵਿਕਾਸ ਦੀ ਮੰਜ਼ਲ ਵੱਲ ਵੱਧ ਰਹੀ ਹੈ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਚੌਧਰੀ ਸੁਨੀਲ ਕੁਮਾਰ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਦਾ ਵਿਕਾਸ ਹਮੇਸ਼ਾ ਕਾਂਗਰਸ ਦੇ ਰਾਜ ਸਮੇਂ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਲਗਪਗ 20 ਸਾਲ ਪਹਿਲਾਂ 22 ਕਰੋੜ ਦੀ ਲਾਗਤ ਨਾਲ ਅਬੋਹਰ ਦਾ ਜੋ ਵਿਕਾਸ ਹੋਇਆ ਸੀ, ਉਸ ਨੂੰ ਪਿਛਲੇ 10 ਸਾਲਾਂ ਦੌਰਾਨ ਵਿਕਾਸ ਪੱਖੋਂ ਅਣਗਹਿਲਾ ਰੱਖ ਕੇ ਇਸ ਨਾਲ ਪੱਖ-ਪਾਤ ਕੀਤਾ ਗਿਆ ਅਤੇ ਮੇਰੇ ਰਾਹੀਂ ਅਬੋਹਰ ਦੇ ਲੋਕਾਂ ਨਾਲ ਖੁੰਦਕ ਕੱਢੀ ਗਈ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਬੋਹਰ ਉਨ੍ਹਾਂ ਦੇ ਦਿਲ ਤੇ ਦਿਮਾਗ ਵਿੱਚ ਵਸਦਾ ਸੀ ਤੇ ਹਮੇਸ਼ਾ ਵਸਦਾ ਰਹੇਗਾ। ਉਨ੍ਹਾ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਧਰਮ ਤੇ ਭਾਸ਼ਾ ਦੇ ਆਧਾਰ ’ਤੇ ਦੇਸ਼ ਅੰਦਰ ਵੰਡੀਆਂ ਪਾਉਣ ਦਾ ਕੋਝਾ ਕੰਮ ਕੀਤਾ ਗਿਆ ਜਿਸ ਦਾ ਨਤੀਜਾ ਭਾਜਪਾ ਨੂੰ ਗੁਜਰਾਤ ਤੇ ਹਿਮਾਚਲ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ’ਚ ਵੱਡੀ ਹਾਰ ਦੇ ਰੂਪ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਬੋਹਰ ਦੀ ਕਾਇਆ-ਕਲਪ ਨੂੰ ਸੁਧਾਰਣਾ ਮੇਰਾ ਮੁੱਢਲਾ ਫਰਜ ਹੈ ਤੇ ਅਬੋਹਰ ਅਤੇ ਗੁਰਦਾਸਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਾਂਗਾ।
ਇਸ ਮੌਕੇ ਕੈਬਨਿਟ ਮੰਤਰੀ ਸਿੱਧੂ ਦੇ ਸਲਾਹਕਾਰ ਅਮਰ ਸਿੰਘ, ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਈਸ਼ਾ ਕਾਲੀਆ, ਐਸ.ਐਸ.ਪੀ. ਫਾਜ਼ਿਲਕਾ ਡਾ. ਕੇਤਨ ਬਾਲੀਰਾਮ ਪਾਟਿਲ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਚੀਫ ਇੰਜੀਨੀਅਰ ਸ੍ਰੀ. ਕੇ. ਪੀ. ਗੋਇਲ, ਐਸ.ਡੀ.ਐਮ. ਅਬੋਹਰ ਮਿਸ ਪੂਨਮ ਸਿੰਘ, ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਦੀਪ ਜਾਖੜ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਮਲ ਠੱਠਈ, ਅਬੋਹਰ ਬਲਾਕ ਦੇ ਪ੍ਰਧਾਨ ਸ੍ਰੀ ਸੁਧੀਰ ਨਾਗਪਾਲ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In Environment

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…