Share on Facebook Share on Twitter Share on Google+ Share on Pinterest Share on Linkedin ਅਬਰੋਡ ਕਰੀਅਰ ਕੰਸਲਟੈਂਸੀ ਫਰਮ ਦਾ ਲਾਇਸੈਂਸ 90 ਦਿਨਾਂ ਲਈ ਮੁਅੱਤਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ: ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੇ ਟਰੈਵਲ ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਮੈਸਰਜ਼ ਅਬਰੋਡ ਕਰੀਅਰਸ, ਹਨੀ ਕਮਰਸ਼ੀਅਲ ਕੰਪਲੈਕਸ, ਸਨੀ ਇੰਨਕਲੇਵ ਖਰੜ (ਜ਼ਿਲ੍ਹਾ ਮੁਹਾਲੀ) ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੈਂਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਏਡੀਸੀ ਸ੍ਰੀਮਤੀ ਬਰਾੜ ਨੇ ਦੱਸਿਆ ਕਿ ਅਬਰੋਡ ਕਰੀਅਰਸ ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 10 ਜੁਲਾਈ 2023 ਤੱਕ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਵੱਲੋਂ ਲਾਇਸੈਂਸੀ ਦੇ ਦਫ਼ਤਰੀ ਪਤੇ ’ਤੇ ਪੱਤਰ ਭੇਜਦੇ ਹੋਏ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਜਾ ਰਹੀ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਸੀ। ਇਸ ਸਬੰਧੀ ਕਾਫ਼ੀ ਸਮਾਂ ਬੀਤ ਜਾਣ ਉਪਰੰਤ ਉਕਤ ਫਰਮ ਨੇ ਲੋੜੀਂਦੀ ਰਿਪੋਰਟ ਨਾ ਭੇਜਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ-2012 ਅਧੀਨ ਨੋਟਿਸ ਜਾਰੀ ਕੀਤਾ ਗਿਆ। ਖਰੜ ਦੇ ਤਹਿਸੀਲਦਾਰ ਵੱਲੋਂ ਫਰਮ ਦੇ ਦਫ਼ਤਰੀ ਪਤੇ ਉੱਤੇ ਭੇਜੇ ਨੋਟਿਸ ਦੀ ਰਿਪੋਰਟ ਭੇਜ ਕੇ ਸੂਚਿਤ ਕੀਤਾ ਗਿਆ ਕਿ ਮੈਸਰਜ਼ ਅਬਰੋਡ ਕਰੀਅਰਸ ਐਸਸੀਓ ਨੰਬਰ 1040, ਦੂਜੀ ਮੰਜ਼ਲ, ਹਨੀ ਕਮਰਸ਼ੀਅਲ ਕੰਪਲੈਕਸ,ਸਨੀ ਇੰਨਕਲੇਵ ਖਰੜ ਦੇ ਦਫ਼ਤਰ ਨੂੰ ਤਾਲਾ ਲੱਗਾ ਹੋਣ ਕਰਕੇ ਫੋਟੋ ਕਾਪੀ ਉਸ ਦਫ਼ਤਰ ਦੇ ਬਾਹਰ ਦਰਵਾਜੇ ਉੱਤੇ ਚਪਕਾ ਦਿੱਤੀ ਗਈ ਹੈ। ਇਹ ਨੋਟਿਸ ਲਾਇਸੈਂਸੀ ਨੂੰ ਉਸ ਦੀ ਈਮੇਲ ਰਾਹੀਂ ਵੀ ਭੇਜਿਆ ਗਿਆ, ਪ੍ਰੰਤੂ ਉਕਤ ਫਰਮ ਨੂੰ ਨੋਟਿਸ ਜਾਰੀ ਕਰਨ ਦੇ ਬਾਵਜੂਦ ਪ੍ਰੋਪਰਾਈਟਰ ਖ਼ੁਦ ਜਾਂ ਉਸ ਦਾ ਕੋਈ ਨੁਮਾਇੰਦਾ ਇਸ ਦਫ਼ਤਰ ਵਿੱਚ ਹਾਜ਼ਰ ਜਾਂ ਪੇਸ਼ ਨਹੀਂ ਹੋਇਆ। ਜਿਸ ਕਾਰਨ ਉਕਤ ਫਰਮ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਫਰਮ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦੀ ਮੋਹਲਤ ਦਿੱਤੀ ਗਈ ਹੈ। ਜੇਕਰ ਇਸ ਦੌਰਾਨ ਫਰਮ ਦੇ ਪ੍ਰਬੰਧਕਾਂ ਨੇ ਸਬੰਧਤ ਰਿਪੋਰਟਾਂ ਪੇਸ਼ ਨਾ ਕੀਤੀਆਂ ਜਾਂ ਖ਼ੁਦ ਹਾਜ਼ਰ ਨਹੀਂ ਹੋਇਆ ਤਾਂ ਉਸ ਦਾ ਲਾਇਸੈਂਸ ਪੱਕੇ ਤੌਰ ’ਤੇ ਰੱਦ ਕਰ ਦਿੱਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ