ਗਰਮੀਆਂ ਤੋਂ ਪਹਿਲਾਂ ਸਰਕਾਰੀ ਸਕੂਲ ਰਡਿਆਲਾ ਨੂੰ ਕੀਤਾ ਏਸੀ ਦਾਨ

ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਫਰਵਰੀ:
ਏਸੀ ਬਣਾਉਣ ਵਾਲੀ ਨਾਮੀ ਕੰਪਨੀ ਮਿਤਸ਼ੁਬਿਸ਼ੀ ਇਲੈੱਕਟ੍ਰਿਕ ਇੰਡੀਆ ਵੱਲੋਂ ਸੀਐੱਸਆਰ ਅਧੀਨ ਨਿਸ਼ਚੈ ਚੈਰੀਟੇਬਲ ਸੁਸਾਇਟੀ ਜ਼ੀਰਕਪੁਰ ਦੇ ਸਹਿਯੋਗ ਨਾਲ ਅੱਜ ਖਰੜ ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਨੂੰ ਇੱਕ ਸਪਲਿੱਟ ਏਸੀ ਭੇਂਟ ਕੀਤਾ ਗਿਆ। ਸਕੂਲ ਵਿੱਚ ਰੱਖੇ ਗਏ ਇੱਕ ਸਾਦੇ ਪਰ ਨਿੱਘੇ ਅਤੇ ਸੰਖੇਪ ਪ੍ਰੋਗਰਾਮ ਵਿੱਚ ਨਿਸ਼ਚੈ ਸੁਸਾਇਟੀ ਜ਼ੀਰਕਪੁਰ ਵੱਲੋਂ ਇੰਜ: ਗੁਰਪ੍ਰੀਤ ਸਿੰਘ ਅਤੇ ਇੰਜ: ਕ੍ਰਿਸ਼ਨ ਮੋਹਨ ਪੁੱਜੇ ਅਤੇ ਸਕੂਲ ਦੀਆਂ ਗਰਮੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ 1.5 ਟਨ ਸਮਰਥਾ ਵਾਲਾ ਇਹ ਏਸੀ ਸਕੂਲ ਸਟਾਫ਼ ਨੂੰ ਸੌਂਪਿਆ।
ਉਨ੍ਹਾਂ ਸਕੂਲ ਦੀ ਸੁੰਦਰ ਇਮਾਰਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਸਮਾਜ ਨੂੰ ਵੀ ਸਰਕਾਰੀ ਵਿਦਿਆਰਥੀਆਂ ਪ੍ਰਤੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ, ਤਾਂ ਹੀ ਇੱਕ ਨਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਉਨ੍ਹਾਂ ਮੰਨਿਆ ਕਿ ਅੱਜਕਲ੍ਹ ਕਰੀਬ ਸਾਰੇ ਹੀ ਸਰਕਾਰੀ ਅਧਿਆਪਕ ਅਣਥੱਕ ਮਿਹਨਤ ਕਰਕੇ ਸਕੂਲਾਂ ਨੂੰ ਬੁਲੰਦੀਆਂ ’ਤੇ ਲਿਜਾ ਰਹੇ ਹਨ।
ਸਕੂਲ ਦੇ ਹੈਡਮਾਸਟਰ ਨੇ ਦੱਸਿਆ ਕਿ ਭਾਵੇਂ ਓਹ ਸਕੂਲ ਵਿੱਚ ਕੁਝ ਦਿਨਾਂ ਦੇ ਹੀ ਮਹਿਮਾਨ ਹੋਣ ਪਰ ਉਨ੍ਹਾਂ ਦੀ ਜ਼ਿੰਦਗੀ ਦਾ ਅਸੂਲ ਹੈ ਕਿ ਉਹ ਜਿਸ ਵੀ ਸਕੂਲ ‘ਚ ਵੀ ਰਹੇ ਹਨ ਓਥੇ ਆਪਣੇ ਆਖਰੀ ਦਿਨ ਅਤੇ ਆਖਰੀ ਘੰਟੇ ਤੱਕ ਓਦਾਂ ਹੀ ਕੰਮ ਕਰਦੇ ਰਹੇ ਹਨ ਜਿੱਦਾਂ ਉਨ੍ਹਾਂ ਨੇ ਅਜੇ ਕਈ ਸਾਲ ਹੋਰ ਠਹਿਰਨਾ ਹੋਵੇ। ਇਸ ਦਾ ਕਰਨ ਉਨ੍ਹਾਂ ਇਹ ਦੱਸਿਆ ਕਿ ਹਰ ਸਕੂਲ ਦੀ ਠਹਿਰ ਦੌਰਾਨ ਉਨ੍ਹਾਂ ਨੂੰ ਸਰਕਾਰ ਆਖਰੀ ਦਿਨ ਅਤੇ ਆਖਰੀ ਘੰਟੇ ਤੱਕ ਦੀ ਤਨਖਾਹ ਦਿੰਦੀ ਹੈ। ਸੋ, ਹਰ ਸਕੂਲ ਦੀ ਬਿਹਤਰੀ ਲਈ ਹਰ ਪਲ ਦਾਨੀ ਸੱਜਣਾ ਦਾ ਸਹਿਯੋਗ ਲੈਣਾ ਉਨ੍ਹਾਂ ਦਾ ਫਰਜ਼ ਬਣਦਾ ਹੈ।
ਸਕੂਲ ਦੇ ਹੈਡਮਾਸਟਰ ਨੇ ਅੱਗੇ ਦੱਸਿਆ ਕਿ ਸਾਰੇ ਕਮਰਿਆਂ ਵਿੱਚ ਨਵੇਂ ਪੱਖੇ ਤਾਂ ਲੱਗ ਗਏ ਸਨ, ਹੁਣ ਏਸੀ ਲੱਗਣ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਉਂਦੀ ਗਰਮੀ ਦੇ ਹੁੰਮਸ ਭਰੇ ਮੌਸਮ ਵਿੱਚ ਰਾਹਤ ਮਿਲੇਗੀ ਓਥੇ ਸਕੂਲ ਵਿੱਚ ਦਾਖਲੇ ਵਧਾਉਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਖੁਦ ਆਪਣੇ ਦਫ਼ਤਰ ਜਾਂ ਸਟਾਫ ਰੂਮ ਲਈ ਇਹ ਏਸੀ ਨਹੀਂ ਵਰਤਣਗੇ। ਇਹ ਏਸੀ ਤਾਂ ਸਕੂਲ ਦੀ ਆਰਓਟੀ ਲੈਬ ‘ਚ ਲੱਗੇਗਾ ਤਾਂ ਜੋ ਸਾਰੇ ਵਿਦਿਆਰਥੀ ਇਸ ਦਾ ਵਾਰੋ-ਵਾਰੀ ਆਨੰਦ ਮਾਣ ਸਕਣ। ਇਸ ਲੈਬ ‘ਚ ਹੁਣੇ-ਹੁਣੇ ਸਰਕਾਰੀ ਸਹਾਇਤਾ ਨਾਲ ਇੱਕ ਪੀਸੀ ਵੀ ਲਗਾਇਆ ਗਿਆ ਹੈ ਜਿਸ ਵਿੱਚ ਸਾਰੀਆਂ ਜਮਾਤਾਂ ਦਾ ਈ-ਕੰਟੈਂਟ ਲੋਡ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਪ੍ਰਤੀ ਉਨ੍ਹਾਂ ਦੀ ਲਗਨ ਨੂੰ ਦੇਖਦਿਆਂ ਆਸਟ੍ਰੇਲੀਆ ਤੋਂ ਇੱਕ ਵਾਰੀ ਇੱਕ ਵਿਅਕਤੀ ਨੇ ਉਨ੍ਹਾਂ ਦੇ ਦਫਤਰ ਲਈ ਏਸੀ ਦੇਣ ਦੀ ਪੇਸ਼ਕਸ ਕੀਤੀ ਸੀ ਪਰ ਉਨ੍ਹਾਂ ਨੇ ਕਈ ਵਾਰੀ ਪੁੱਛੇ ਜਾਣ ‘ਤੇ ਵੀ ਉਸ ਪੇਸ਼ਕਸ ’ਤੇ ਕੰਮ ਨਹੀਂ ਕੀਤਾ ਕਿਉਂਕਿ ਉਹ ਮੰਨਦੇ ਹਨ ਕਿ ਜਦੋਂ ਤੱਕ ਸਕੂਲ ਦੇ ਹਰ ਕਮਰੇ ‘ਚ ਏਸੀ ਨਹੀਂ ਲੱਗ ਜਾਂਦਾ ਉਨ੍ਹਾਂ ਨੂੰ ਆਪਣੇ ਦਫਤਰ ਵਿੱਚ ਵੀ ਏਸੀ ਲਗਵਾਉਣ ਦਾ ਕੋਈ ਹੱਕ ਨਹੀਂ ਹੈ।
ਇੰਜੀਨੀਅਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਇਸ ਏਸੀ ਲਈ ਰਡਿਆਲਾ ਸਕੂਲ ਦੀ ਚੋਣ ਸਕੂਲ ਦੇ ਮਿਹਨਤੀ ਅਤੇ ਸ਼ੁਭਚਿੰਤਕ ਹੈਡਮਾਸਟਰ ਨੂੰ ਦੇਖਦਿਆਂ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਦੇਖ ਲਿਆ ਹੈ ਕਿ ਐਥੋਂ ਦੇ ਹੈਡਮਾਸਟਰ ਸਕੂਲ ਨੂੰ ਮਿਲੀ ਹਰ ਚੀਜ਼ ਦੀ ਸੰਭਾਲ ਘਰ ਦੀ ਵਸਤੂ ਨਾਲੋਂ ਵੀ ਵੱਧ ਕਰਦੇ ਹਨ। ਇਸ ਸਮੇਂ ਅਨੁਰਾਧਾ, ਸੀਮਾ ਸਿਆਲ, ਮਨਦੀਪ ਸਿੰਘ, ਸੰਦੀਪ ਸਿੰਘ, ਰੇਨੂ ਗੁਪਤਾ, ਸਿਮਰਨ, ਰਿਚਾ, ਰਾਜਵੀਰ ਤੇ ਹਰਸ਼ਪ੍ਰੀਤ ਕੌਰ ਵੀ ਹਾਜ਼ਰ ਸਨ। ਅੰਤ ਵਿੱਚ ਸਕੂਲ-ਹੈਡਮਾਸਟਰ ਨੇ ਸਮੂਹ ਸਟਾਫ਼ ਨੂੰ ਪ੍ਰੇਰਿਤ ਕੀਤਾ ਕਿ ਇਹ ਸਫਰ ਹੁਣ ਇਸੇ ਤਰ੍ਹਾਂ ਜਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਪੂਰੇ ਇਲਾਕੇ ਨੂੰ ਇਸ ਸਕੂਲ ਤੋਂ ਬਹੁਤ ਉਮੀਦਾਂ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…