ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ 30 ਲੱਖ ਦੀ ਫਿਰੌਤੀ ਮੰਗਣ ਵਾਲਾ ਏਸੀ ਮਕੈਨਿਕ ਨੂੰ ਗ੍ਰਿਫ਼ਤਾਰ

ਮੁਲਜ਼ਮ ਨੇ ਫਾਰਮਾਂ ਕੰਪਨੀ ਦੇ ਮਾਲਕ ਨੂੰ ਦਿੱਤੀ ਸੀ ਜਾਨ ਤੋਂ ਮਾਰਨ ਦੀ ਧਮਕੀ

ਡੀਜੀਪੀ ਵੱਲੋਂ ਫਿਰੌਤੀ ਦੀਆਂ ਫਰਜ਼ੀ ਕਾਲਾਂ ਤੋਂ ਸਾਵਧਾਨ ਰਹਿਣ ਤੇ ਤੁਰੰਤ ਪੁਲੀਸ ਨੂੰ ਸੂਚਨਾ ਦੇਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਅਤੇ ਗੈਂਗਸਟਰਾਂ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਮੁਹਾਲੀ ਸਥਿਤ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਨੂੰ ਵਿਦੇਸ਼ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਲਾਂ ’ਤੇ ਫਿਰੌਤੀ ਲਈ ਫਰਜ਼ੀ ਕਾਲ ਕਰਕੇ ਧਮਕਾਉਣ ਦੇ ਦੋਸ਼ ਵਿੱਚ ਇੱਕ ਏਸੀ ਮਕੈਨਿਕ ਨੂੰ ਗ੍ਰਿਫ਼ਤਾਰ ਕਰਨ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸੂਰਜ (20) ਵਾਸੀ ਮਲੋਆ ਕਲੋਨੀ (ਚੰਡੀਗੜ੍ਹ) ਵਜੋਂ ਹੋਈ ਹੈ, ਜਿਸ ਨੂੰ ਇੱਥੋਂ ਦੇ ਵੇਰਕਾ ਮਿਲਕ ਪਲਾਂਟ ਚੌਕ ਨੇੜਿਓਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਆਪਣੇ ਸਾਥੀ ਮਨਦੀਪ ਸਿੰਘ (32) ਵਾਸੀ ਪਿੰਡ ਮਾਂਗੇਵਾਲ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਮੋਟਰ ਸਾਈਕਲ ’ਤੇ ਫਿਰੌਤੀ ਦੇ ਪੈਸੇ ਵਸੂਲਣ ਜਾ ਰਿਹਾ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਮੋਬਾਈਲ ਫੋਨ ਅਤੇ ਬਿਨਾਂ ਨੰਬਰ ਪਲੇਟ ਵਾਲਾ ਸੀਟੀ 100 ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਸਥਿਤ ਪੰਜਾਬ ਪੁਲੀਸ ਦੇ ਐਸਐਸਓਸੀ ਵਿੰਗ ਦੇ ਥਾਣੇ ਵਿੱਚ ਧਾਰਾ 384 ਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੀੜਤ ਕਾਰੋਬਾਰੀ ਮੁਹਾਲੀ ਦੀ ਇੱਕ ਫਾਰਮਾਸਿਊਟੀਕਲ ਕੰਪਨੀ ਦਾ ਮਾਲਕ ਹੈ, ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਬੀਤੀ 30 ਦਸੰਬਰ ਇੱਕ ਵਿਅਕਤੀ, ਜੋ ਖ਼ੁਦ ਨੂੰ ਗੈਂਗਸਟਰ ਦੱਸ ਰਿਹਾ ਹੈ, ਨੇ ਫੋਨ ਕਰਕੇ ਉਸ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਸਮੇਂ ਸਿਰ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਤੁਰੰਤ ਮੁਹਾਲੀ ਵਿੱਚ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮ ਸੂਰਜ ਨੂੰ ਕਾਬੂ ਕਰ ਲਿਆ, ਜੋ ਆਪਣੇ ਸਹਿਯੋਗੀ ਮਨਦੀਪ ਸਿੰਘ ਦੇ ਵਟਸਐਪ ਨੰਬਰ ਦੀ ਵਰਤੋਂ ਕਰਕੇ ਸ਼ਿਕਾਰ ਬਣਾਏ ਲੋਕਾਂ ਨੂੰ ਕਾਲਾਂ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੂਰਜ ਏਸੀ ਮਕੈਨਿਕ ਦਾ ਕੰਮ ਕਰਦਾ ਹੈ, ਜਦਕਿ ਉਸ ਦਾ ਸਾਥੀ ਮਨਦੀਪ ਟੈਕਸੀ ਡਰਾਈਵਰ ਹੈ।
ਡੀਜੀਪੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਫਰਜ਼ੀ ਫਿਰੌਤੀ ਲਈ ਕਾਲਾਂ ਤੋਂ ਸੁਚੇਤ ਰਹਿਣ ਲਈ ਸਾਵਧਾਨ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਅਜਿਹੀ ਕੋਈ ਕਾਲ ਆਵੇ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਪੰਜਾਬ ਪੁਲੀਸ ਵੱਲੋਂ ਅਜਿਹੇ ਫਿਰੌਤੀ ਦੇ ਮਾਮਲਿਆਂ ਦੀ ਤਾਜ਼ਾ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਅਜਿਹੀਆਂ ਗੈਂਗਸਟਰਾਂ ਦੇ ਨਾਮ ’ਤੇ ਕੀਤੀਆਂ ਜਾ ਰਹੀਆਂ ਫਿਰੌਤੀ ਕਾਲਾਂ ਕੁਝ ਅਣਪਛਾਤੇ ਅਪਰਾਧੀਆਂ ਦਾ ਕੰਮ ਹੈ, ਜਿਨ੍ਹਾਂ ਦਾ ਕਿਸੇ ਗਰੋਹ ਜਾਂ ਗੈਂਗਸਟਰ ਨਾਲ ਕੋਈ ਤਾਲੁਕ ਨਹੀਂ ਹੈ।
ਇਸ ਮੌਕੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੂਰਜ ਜਦੋਂ ਘਰਾਂ, ਦੁਕਾਨਾਂ ਜਾਂ ਕੰਪਨੀਆਂ ਵਿੱਚ ਏਸੀ ਦੀ ਮੁਰੰਮਤ ਕਰਨ ਜਾਂਦਾ ਸੀ ਤਾਂ ਅਮੀਰ ਲੋਕਾਂ ਨੂੰ ਸ਼ਿਕਾਰ ਬਣਾਉਣ ਲਈ ਚੁਣ ਲੈਂਦਾ ਸੀ ਅਤੇ ਅਜਿਹੇ ਵੱਡੇ ਰਸੂਖ਼ਦਾਰ ਲੋਕਾਂ ਦੇ ਵੇਰਵੇ ਨੋਟ ਕਰ ਲੈਂਦਾ ਸੀ ਅਤੇ ਉਨ੍ਹਾਂ ਨੂੰ ਇਹ ਪ੍ਰਭਾਵ ਦਿੰਦਾ ਸੀ ਕਿ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਸ ਨਾਲ ਸੂਰਜ, ਪੀੜਤ ਲੋਕਾਂ ਨੂੰ ਪੈਸਾ ਵਸੂਲਣ ਲਈ ਆਸਾਨੀ ਨਾਲ ਨਿਸ਼ਾਨਾ ਬਣਾ ਲੈਂਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮਾਂ ਨੇ ਹੋਰ ਕਿੰਨੇ ਵਿਅਕਤੀਆਂ ਨੂੰ ਫਿਰੌਤੀ ਦੀਆਂ ਕਾਲਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …