
ਲੇਖਾ-ਜੋਖਾ: ਵਿਜੀਲੈਂਸ ਨੇ ਰਿਸ਼ਵਤਖ਼ੋਰੀ ਦੇ 129 ਕੇਸਾਂ ’ਚ 172 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਮਿਲੀਆਂ 3,72,175 ਸ਼ਿਕਾਇਤਾਂ
135 ਅਪਰਾਧਿਕ ਮਾਮਲਿਆਂ ’ਚ 371 ਮੁਲਜ਼ਮਾਂ ਖ਼ਿਲਾਫ਼ ਕੀਤੇ ਕੇਸ ਦਰਜ: ਵਿਜੀਲੈਂਸ ਮੁਖੀ
ਪੰਜਾਬ ਪੁਲੀਸ ਦੇ 30 ਮੁਲਾਜ਼ਮ ਤੇ ਮਾਲ ਵਿਭਾਗ ਦੇ 13 ਕਰਮਚਾਰੀ ਕੀਤੇ ਕਾਬੂ
ਅਦਾਲਤਾਂ ਨੇ 20 ਸਰਕਾਰੀ ਮੁਲਾਜ਼ਮਾਂ ਤੇ 10 ਪ੍ਰਾਈਵੇਟ ਵਿਅਕਤੀਆਂ ਨੂੰ ਦਿੱਤੀਆਂ ਸਜਾਵਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਸਮਾਜ ’ਚੋਂ ਭ੍ਰਿਸ਼ਟਾਚਾਰ ਨੂੰ ਜੜੋਂ੍ਹ ਖ਼ਤਮ ਕਰਨ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤਖ਼ੋਰੀ ਦੇ 129 ਕੇਸਾਂ ਵਿੱਚ 172 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 83 ਮੁਲਜ਼ਮ 65 ਟਰੈਪ ਕੇਸ ਜਦੋਂਕਿ 64 ਆਨਲਾਈਨ ਸ਼ਿਕਾਇਤਾਂ ਤਹਿਤ 89 ਵਿਅਕਤੀ ਕਾਬੂ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪਿਛਲੇ ਸਾਲ ਰਿਸ਼ਵਤਖ਼ੋਰੀ ਦੇ ਕੇਸ ਦਰਜ ਕਰਨ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਮੇਤ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਐਤਕੀਂ ਵਿਜੀਲੈਂਸ ਨੇ ਰਿਕਾਰਡ ਕਾਇਮ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ-ਕਮ-ਏਡੀਜੀਪੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਰਿਸ਼ਵਤਖ਼ੋਰਾਂ ਨੂੰ ਨੱਥ ਪਾਉਣ ਅਤੇ ਇਸ ਸਮਾਜਿਕ ਬੁਰਾਈ ਨੂੰ ਜੜੋਂ੍ਹ ਖ਼ਤਮ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵਿਜੀਲੈਂਸ ਨੇ ਇੱਕ ਬਹੁਪੱਖੀ ਪਹੁੰਚ ਅਪਣਾਈ ਹੈ ਤਾਂ ਜੋ ਇੱਕ ਰੰਗਲੇ ਤੇ ਸੁਰੱਖਿਅਤ ਪੰਜਾਬ ਦੀ ਸਿਰਜਣਾ ਦੀ ਵਚਨਬੱਧਤਾ ਨੂੰ ਹੋਰ ਦ੍ਰਿੜਤਾ ਪ੍ਰਦਾਨ ਕੀਤੀ ਜਾ ਸਕੇ। ਪਿਛਲੇ ਸਾਲ ਦੌਰਾਨ 1 ਜਨਵਰੀ 2022 ਤੋਂ 31 ਦਸੰਬਰ 2022 ਤੱਕ ਪੰਜਾਬ ਪੁਲੀਸ ਦੇ 30 ਮੁਲਾਜ਼ਮ, ਮਾਲ ਵਿਭਾਗ ਦੇ 13, ਪਾਵਰਕੌਮ 5 ਅਤੇ ਸਥਾਨਕ ਸਰਕਾਰਾਂ ਵਿਭਾਗ ਦੇ 4 ਮੁਲਾਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 23 ਮਾਰਚ ਨੂੰ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਸ਼ੁਰੂ ਕੀਤੀ ਸੀ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।
ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਨੇ 371 ਮੁਲਜ਼ਮਾਂ ਵਿਰੁੱਧ 135 ਅਪਰਾਧਿਕ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚ 35 ਗਜ਼ਟਿਡ ਅਫ਼ਸਰ, 163 ਨਾਨ-ਗਜਟਿਡ ਅਫ਼ਸਰ ਅਤੇ 173 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ 139 ਸ਼ੱਕੀ ਵਿਅਕਤੀਆਂ ਵਿਰੁੱਧ 103 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ 35 ਗਜ਼ਟਿਡ ਅਫ਼ਸਰ, 58 ਨਾਨ-ਗਜ਼ਟਿਡ ਅਫ਼ਸਰ ਅਤੇ 46 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ। ਇੰਜ ਹੀ ਇੱਕ ਗਜ਼ਟਿਡ ਅਫ਼ਸਰ ਅਤੇ ਨਾਨ-ਗਜ਼ਟਿਡ ਅਫ਼ਸਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ 2 ਕੇਸ ਦਰਜ ਕੀਤੇ ਹਨ। ਜਦੋਂਕਿ ਵੱਖ-ਵੱਖ ਅਦਾਲਤਾਂ ਵੱਲੋਂ ਦੋਸ਼ੀ ਠਹਿਰਾਏ ਜਾਣ ’ਤੇ 2 ਨਾਨ-ਗਜ਼ਟਿਡ ਅਫ਼ਸਰਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਗਈਆਂ ਹਨ।
ਵਿਜੀਲੈਂਸ ਮੁਖੀ ਨੇ ਦੱਸਿਆ ਕਿ ਵੱਖ-ਵੱਖ ਅਦਾਲਤਾਂ ਨੇ ਭ੍ਰਿਸ਼ਟਾਚਾਰ ਦੇ 19 ਮਾਮਲਿਆਂ ਵਿੱਚ 2 ਗਜ਼ਟਿਡ ਅਫ਼ਸਰ, 18 ਨਾਨ-ਗਜ਼ਟਿਡ ਅਫ਼ਸਰਾਂ ਅਤੇ 10 ਪ੍ਰਾਈਵੇਟ ਵਿਅਕਤੀਆਂ ਨੂੰ 5-5 ਸਾਲ ਤੱਕ ਦੀ ਸਜਾ ਸੁਣਾਈ ਹੈ। ਅਦਾਲਤਾਂ ਨੇ 5000 ਤੋਂ 33,00,000 ਰੁਪਏ ਦੇ ਜੁਰਮਾਨੇ ਵੀ ਲਗਾਏ, ਜੋ ਕੁੱਲ 37,90,000, ਰਾਸ਼ੀ ਬਣਦੀ ਹੈ। ਪਿਛਲੇ ਸਾਲ ਮੁੱਖ ਮੰਤਰੀ ਭ੍ਰਿਸ਼ਟਾਚਾਰ ਰੋਕੂ ਐਕਸ਼ਨ ਲਾਈਨ ’ਤੇ 3,72,175 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ’ਚੋਂ 6407 ਸ਼ਿਕਾਇਤਾਂ ਆਡੀਓ/ਵੀਡੀਓ ਰਿਕਾਰਡਿੰਗ ਸਮੇਤ 294 ਸ਼ਿਕਾਇਤਾਂ ਵਿਜੀਲੈਂਸ ਬਾਰੇ ਪ੍ਰਾਪਤ ਹੋਈਆਂ ਹਨ। ਇਨ੍ਹਾਂ ਆਨਲਾਈਨ ਸ਼ਿਕਾਇਤਾਂ ਦੇ ਅਧਾਰ ’ਤੇ 26 ਨਾਗਰਿਕਾਂ, 27 ਪੁਲੀਸ ਮੁਲਾਜ਼ਮਾਂ ਅਤੇ 29 ਸਿਵਲ ਕਰਮਚਾਰੀਆਂ ਵਿਰੁੱਧ 64 ਪਰਚੇ ਦਰਜ ਕੀਤੇ ਗਏ। ਜਿਸ ਵਿੱਚ 89 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਧਰ, ਵਿਜੀਲੈਂਸ ਨੇ ਚਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ, ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਸੀਨੀਅਰ ਆਈਏਐਸ ਸੰਜੇ ਪੋਪਲੀ, ਮੁੱਖ ਵਣਪਾਲ ਪ੍ਰਵੀਨ ਕੁਮਾਰ, ਆਈਐਫ਼ਐਸ ਵਣਪਾਲ ਵਿਸ਼ਾਲ ਚੌਹਾਨ ਤੇ ਅਮਿਤ ਚੌਹਾਨ, ਡੀਐਫ਼ਓ ਗੁਰਅਮਨਪ੍ਰੀਤ ਸਿੰਘ, ਠੇਕੇਦਾਰ ਹਰਮਿੰਦਰ ਸਿੰਘ, ਏਆਈਜੀ ਅਸ਼ੀਸ਼ ਕਪੂਰ, ਪਨਸਪ ਦੇ ਜਨਰਲ ਮੈਨੇਜਰ ਨਵੀਨ ਗਰਗ, ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡ ਸ੍ਰੀਮਤੀ ਨਿਰਮਲਾ ਅਤੇ ਪਲਟੂਨ ਕਮਾਂਡਰ ਅਨਮੋਲ ਮੋਤੀ, ਈਟੀਓ ਸੰਦੀਪ ਸਿੰਘ ਅਤੇ ਠੇਕੇਦਾਰ ਤੇਲੂ ਰਾਮ, ਯਸ਼ਪਾਲ ਤੇ ਅਜੈਪਾਲ ਵਿਰੁੱਧ ਕੇਸ ਦਰਜ ਕਰਕੇ ਗਿਲਜੀਆ ਨੂੰ ਛੱਡ ਕੇ ਬਾਕੀ ਸਾਬਕਾ ਮੰਤਰੀਆਂ ਅਤੇ ਉੱਚ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।