Nabaz-e-punjab.com

ਨੌਜਵਾਨ ਦੇ ਕਤਲ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ, ਫਰਾਰ ਸਾਥੀਆਂ ਦੀ ਭਾਲ ਜਾਰੀ

ਇਰਾਦਾ-ਏ-ਕਤਲ ਦੇ ਮਾਮਲੇ ਦੀ ਰੰਜਸ਼ ਕਾਰਨ ਦੋਸਤਾਂ ਨੇ ਹੀ ਦਿੱਤਾ ਕਤਲ ਦੀ ਵਾਰਦਾਤ ਨੂੰ ਅੰਜਾਮ

ਦੋਸਤ ਨੂੰ ਮੌਤ ਦੇ ਘਾਟ ਉਤਾਰਨ ਲਈ ਅੰਨੇ੍ਹਵਾਹ ਕੀਤੀ ਫਾਈਰਿੰਗ, ਕਰੀਬ ਡੇਢ ਦਰਜਨ ਫਾਇਰ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਦਰਪਨ ਸਿਟੀ ਖਰੜ ਦੇ ਗੇਟ ਨੇੜੇ ਵੀਰਵਾਰ ਨੂੰ ਇੰਦਰਜੀਤ ਸਿੰਘ (25) ਵਾਸੀ ਗੁਰੂ ਨਾਨਕ ਪੁਰਾ, ਫਿਰੋਜਪੁਰ ਨੂੰ ਦਿਨ ਦਿਹਾੜੇ ਸ਼ਰ੍ਹੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਕਤਲ ਕੇਸ ਨੂੰ 24 ਘੰਟਿਆਂ ਵਿੱਚ ਸੁਲਝਾਉਂਦਿਆਂ ਹੋਏ ਦੋ ਮੁਲਜ਼ਮ ਦੋਸਤਾਂ ਰੋਹਿਤ ਸੇਠੀ ਵਾਸੀ ਫਿਰੋਜ਼ਪੁਰ ਅਤੇ ਅਜੇ ਕੁਮਾਰ ਉਰਫ਼ ਕਾਪਾ ਵਾਸੀ ਗੁਰੂ ਹਰਸਹਾਏ (ਫਿਰੋਜ਼ਪੁਰ) ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮ੍ਰਿਤਕ ਨੌਜਵਾਨ ਵਾਰਦਾਤ ਤੋਂ ਤਿੰਨ ਪਹਿਲਾਂ ਹੀ ਖਰੜ ਵਿੱਚ ਰਹਿੰਦੇ ਆਪਣੇ ਦੋਸਤਾਂ ਦੇ ਕਹਿਣ ’ਤੇ ਚੰਡੀਗੜ੍ਹ ਸਮੇਤ ਹੋਰ ਮਹੱਤਵ ਪੂਰਨ ਥਾਵਾਂ ’ਤੇ ਘੁੰਮਣ ਫਿਰਨ ਲਈ ਆਇਆ ਸੀ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਦੋਸਤਾਂ ਨੇ ਉਸ ਨੂੰ ਮਾਰਨ ਲਈ ਕਰੀਬ ਡੇਢ ਦਰਜਨ ਫਾਇਰ ਕੀਤੇ।
ਸ੍ਰੀ ਚਾਹਲ ਨੇ ਦੱਸਿਆ ਕਿ ਬੀਤੀ 7 ਨਵੰਬਰ ਨੂੰ ਦੁਪਹਿਰ ਵੇਲੇ ਇੰਦਰਜੀਤ ਆਪਣੇ ਦੋ ਦੋਸਤਾਂ ਦੇ ਨਾਲ ਮੋਟਰ ਸਾਈਕਲ ਦੇ ਪਿੱਛੇ ਬੈਠ ਕੇ ਜਾ ਰਿਹਾ ਸੀ। ਰਸਤੇ ਵਿੱਚ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਕਾਰ ਸਵਾਰਾਂ ਨੇ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਰੋਕਿਆ ਅਤੇ ਇੰਦਰਜੀਤ ਨੂੰ ਥੱਲੇ ਉਤਾਰ ਕੇ ਦੇਖਦੇ ਹੀ ਦੇਖਦੇ ਉਸ ਦੇ ਸਿਰ ਅਤੇ ਪੇਟ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਇਸ ਸਬੰਧੀ ਮ੍ਰਿਤਕ ਦੇ ਛੋਟੇ ਭਰਾ ਬਲਵੀਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਥਾਣਾ ਸਿਟੀ ਖਰੜ ਵਿੱਚ ਧਾਰਾ 302, 120ਬੀ ਤੇ 34 ਅਤੇ ਅਸਲਾ ਐਕਟ ਤਹਿਤ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।
ਐਸਐਸਪੀ ਨੇ ਦੱਸਿਆ ਕਿ ਮੁਹਾਲੀ ਦੇ ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ, ਖਰੜ ਦੇ ਡੀਐਸਪੀ ਸਿਮਰਨਜੀਤ ਸਿੰਘ ਲੰਗ, ਡੀਐਸਪੀ (ਪ੍ਰੋਬੇਸ਼ਨਰ) ਦਮਨਬੀਰ ਸਿੰਘ ਦੀ ਅਗਵਾਈ ਵਿੱਚ ਸੀਆਈਏ ਸਟਾਫ਼ ਅਤੇ ਖਰੜ ਸਿਟੀ ਪੁਲੀਸ ਦੀਆਂ ਵੱਖ-ਵੱਖ ਟੀਮਾਂ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਅਤੇ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੁਲੀਸ ਅਨੁਸਾਰ ਮੁੱਢਲੀ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਜਦੋਂਕਿ ਉਨ੍ਹਾਂ ਦੇ ਬਾਕੀ ਫਰਾਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਫਰਾਰ ਮੁਲਜ਼ਮ ਪਹਿਲਾਂ ਹੀ ਕਈ ਹੋਰ ਅਪਰਾਧਿਕ ਕੇਸਾਂ ਵਿੱਚ ਭਗੌੜੇ ਚਲ ਰਹੇ ਹਨ।
ਸ੍ਰੀ ਚਾਹਲ ਨੇ ਦੱਸਿਆ ਕਿ ਮ੍ਰਿਤਕ ਦੇ ਸਾਥੀਆਂ ਰੋਹਿਤ ਸੇਠੀ ਵਾਸੀ ਫਿਰੋਜ਼ਪੁਰ ਅਤੇ ਅਜੇ ਕੁਮਾਰ ਉਰਫ਼ ਕਾਪਾ ਵਾਸੀ ਗੁਰੂ ਹਰਸਹਾਏ (ਫਿਰੋਜ਼ਪੁਰ) ਨੇ ਅਸੀਸ ਚੌਪੜਾ, ਹੈਪੀ ਭੁੱਲਰ, ਹੈਪੀ ਮੱਲ੍ਹ, ਅਮਰਜੀਤ ਸਿੰਘ, ਮਨੀ ਅਤੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਸਾਜ਼ਿਸ਼ ਰਚ ਕੇ ਇੰਦਰਜੀਤ ਸਿੰਘ ਢਿੰਡਾ ਨੂੰ ਚੰਡੀਗੜ੍ਹ ਤੋਂ ਸ਼ਾਪਿੰਗ ਕਰਵਾਉਣ ਦੇ ਬਹਾਨੇ ਬੀਤੀ 5 ਨਵੰਬਰ ਨੂੰ ਚੰਡੀਗੜ੍ਹ ਸੱਦਿਆ ਸੀ।
ਰੋਹਿਤ ਸੇਠੀ ਅਤੇ ਅਜੇ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘੜੀ ਸਾਜ਼ਿਸ਼ ਨੂੰ ਸਿਰੇ ਚੜ੍ਹਾਉਂਦਿਆਂ ਇੰਦਰਜੀਤ ਦਾ ਬੜੀ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ। ਮੁਲਜ਼ਮ ਦੀ ਮ੍ਰਿਤਕ ਨੌਜਵਾਨ ਨਾਲ ਪੁਰਾਣੇ ਇਰਾਦਾ-ਏ-ਕਤਲ ਦੇ ਮਾਮਲੇ ਵਿੱਚ ਰੰਜਸ਼ ਚੱਲਦੀ ਸੀ ਅਤੇ ਉਹ ਪਹਿਲਾਂ ਵੀ ਕਈ ਵਾਰ ਉਸ ਦੀ ਹੱਤਿਆ ਦੀ ਕੋਸ਼ਿਸ਼ ਕਰ ਚੁੱਕੇ ਸਨ ਪ੍ਰੰਤੂ ਉਨ੍ਹਾਂ ਦੀ ਇਹ ਯੋਜਨਾ ਸਿਰੇ ਨਾ ਚੜ੍ਹਨ ਕਰਕੇ ਮੁਲਜ਼ਮਾਂ ਨੇ ਹੁਣ ਮ੍ਰਿਤਕ ਦੇ ਸਾਥੀਆਂ ਨੂੰ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਕਰ ਲਿਆ। ਯੋਜਨਾ ਮੁਤਾਬਕ ਬੀਤੀ 7 ਨਵੰਬਰ ਨੂੰ ਮੁਲਜ਼ਮਾਂ ਨੇ ਅੰਨ੍ਹੇਵਾਹ ਫਾਈਰਿੰਗ ਕਰਕੇ ਨੌਜਵਾਨ ਦਾ ਕਤਲ ਕਰ ਕੇ ਫਰਾਰ ਹੋ ਗਏ ਸੀ।
(ਬਾਕਸ ਆਈਟਮ)
ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲੀਸ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਸੀ ਅਤੇ ਪੁਲੀਸ ਨੂੰ ਮੁੱਢ ਤੋਂ ਹੀ ਸ਼ੱਕ ਦੀ ਸੂਈ ਮ੍ਰਿਤਕ ਨੌਜਵਾਨ ਦੇ ਸਾਥੀ ਮੋਟਰ ਸਾਈਕਲ ਸਵਾਰਾਂ ’ਤੇ ਸੀ। ਪੁਲੀਸ ਨੇ ਟੈਕਨੀਕਲ ਤਰੀਕੇ ਨਾਲ ਜਾਂਚ ਨੂੰ ਅੱਗੇ ਤੋਰਦਿਆਂ ਰੋਹਿਤ ਸੇਠੀ ਅਤੇ ਅਜੇ ਕੁਮਾਰ ਕੋਲੋਂ ਪੁੱਛਗਿੱਛ ਕੀਤੀ। ਪਹਿਲਾਂ ਨੇ ਉਨ੍ਹਾਂ ਨੇ ਝੂਠੀ ਕਹਾਣੀਆਂ ਘੜਨ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਜਦੋਂ ਪੁਲੀਸ ਨੇ ਥੋੜ੍ਹੀ ਸਖ਼ਤੀ ਵਰਤੀ ਤਾਂ ਉਨ੍ਹਾਂ ਨੇ ਝੱਟ ਉਕਤ ਸਾਜ਼ਿਸ਼ ਬਾਰੇ ਦੱਸਿਆ ਆਪਣਾ ਜੁਰਮ ਕਬੂਲ ਕਰ ਲਿਆ। ਪਹਿਲਾਂ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ ਲੇਕਿਨ ਹੁਣ ਉਕਤ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਬਾਕੀ ਫਰਾਰ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …