
ਸੱਤਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ, ਮੁਲਜ਼ਮ ਗ੍ਰਿਫ਼ਤਾਰ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਇੱਥੋਂ ਦੇ ਫੇਜ਼-1 ਸਥਿਤ ਪੁਰਾਣਾ ਮੁਹਾਲੀ ਪਿੰਡ ਵਿੱਚ ਰਹਿੰਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹਾਲੀ ਪੁਲੀਸ ਨੇ ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਕੇਦਾਰ ਨਾਥ ਵਾਸੀ ਪਲਵਾਰਾ (ਉੱਤਰਾਖੰਡ) ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਮੁਲਜ਼ਮ ਇੱਥੋਂ ਦੇ ਫੇਜ਼-6 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਅੱਜ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਫੇਜ਼-1 ਥਾਣਾ ਦੇ ਐਸਐਚਓ ਮਨਫੂਲ ਸਿੰਘ ਲੇ ਦੱਸਿਆ ਕਿ ਮੁਲਜ਼ਮ ਕੇਦਾਰ ਨਾਥ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਭਲਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੀੜਤ ਲੜਕੀ ਦੀ ਮਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਬੀਤੇ ਦਿਨੀਂ ਸਵੇਰੇ ਹੀ ਉਹ ਅਤੇ ਉਸ ਦਾ ਪਤੀ ਆਪੋ ਆਪਣੇ ਕੰਮ ’ਤੇ ਚਲੇ ਗਏ ਸੀ ਅਤੇ ਪਿੱਛੇ ਘਰ ਵਿੱਚ ਉਨ੍ਹਾਂ ਦੇ ਤਿੰਨ ਬੱਚੇ ਸਨ। ਜਿਨ੍ਹਾਂ ’ਚੋਂ ਇਕ ਸੱਤਵੀਂ ਜਮਾਤ ਦੀ ਵਿਦਿਆਰਥਣ ਸੀ। ਬਾਅਦ ਦੁਪਹਿਰ ਉਸ ਦੀ ਬੇਟੀ ਕਮਰੇ ਵਿੱਚ ਸੁੱਤੀ ਹੋਈ ਸੀ ਜਦੋਂਕਿ ਦੂਜੇ ਦੋਵੇਂ ਬੱਚੇ ਘਰ ਤੋਂ ਬਾਹਰ ਖੇਡ ਰਹੇ ਸੀ। ਇਸ ਦੌਰਾਨ ਮੁਲਜ਼ਮ ਕੇਦਾਰ ਉਨ੍ਹਾਂ ਦੇ ਘਰ ਆਇਆ ਅਤੇ ਉਸ ਨੇ ਪੀੜਤ ਲੜਕੀ ਨਾਲ ਜਬਰ ਜਨਾਹ ਕੀਤਾ। ਬਾਅਦ ਵਿੱਚ ਵਿਦਿਆਰਥਣ ਨੂੰ ਡਰਾਇਆ ਧਮਕਾਇਆ ਗਿਆ ਕਿ ਜੇਕਰ ਉਸ ਨੇ ਇਸ ਬਾਰੇ ਆਪਣੇ ਘਰਦਿਆਂ ਜਾਂ ਕਿਸੇ ਹੋਰ ਨੂੰ ਕੁੱਝ ਦੱਸਿਆ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਜਿਸ ਕਾਰਨ ਪੀੜਤ ਲੜਕੀ ਕਾਫੀ ਘਬਰਾ ਗਈ ਅਤੇ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਕਿ ਦੇਰ ਰਾਤ ਕਰੀਬ ਸਾਢੇ 8 ਵਜੇ ਜਦੋਂ ਉਸ ਦੇ ਮਾਤਾ-ਪਿਤਾ ਵਾਪਸ ਘਰ ਪਹੁੰਚੇ ਤਾਂ ਪੀੜਤ ਲੜਕੀ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਪਰਿਵਾਰ ਨੇ ਪੁਲੀਸ ਨਾਲ ਤਾਲਮੇਲ ਕਰਕੇ ਸ਼ਿਕਾਇਤ ਦਿੱਤੀ।