ਬੁਆਏਫਰੈਂਡ ਦੇ ਜੇਲ੍ਹ ਜਾਣ ਮਗਰੋਂ ਮੁਲਜ਼ਮ ਦੇ ਛੋਟੇ ਭਰਾ ਮਿਲ ਕੇ ਸ਼ੁਰੂ ਕੀਤਾ ਨਸ਼ੇ ਵੇਚਣ ਦਾ ਧੰਦਾ, ਦੋ ਕਾਬੂ

ਮੁਹਾਲੀ ਜ਼ਿਲ੍ਹੇ ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਕਰਦੇ ਸੀ ਨਸ਼ੀਲੇ ਪਦਾਰਥ ਸਪਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਮੁਹਾਲੀ ਪੁਲੀਸ ਵੱਲੋਂ ਐਸਐਸਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਪਿੰਡ ਤਲਵੰਡੀ ਭਾਈ (ਫਿਰੋਜ਼ਪੁਰ) ਅਤੇ ਸ਼ਰਨਜੀਤ ਕੌਰ ਵਾਸੀ ਪਿੰਡ ਡਾਲਾ (ਮੋਗਾ) ਦੇ ਖ਼ਿਲਾਫ਼ ਸੈਂਟਰਲ ਥਾਣਾ ਫੇਜ਼-8 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਨੁਸਾਰ ਐਸਪੀ (ਸ਼ਹਿਰੀ) ਜਗਵਿੰਦਰ ਸਿੰਘ ਚੀਮਾ ਅਤੇ ਡੀਐਸਪੀ (ਸ਼ਹਿਰੀ-2) ਸੁਖਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਾਜੇਸ਼ ਕੁਮਾਰ ਅਰੋੜਾ ਦੀ ਅਗਵਾਈ ਵਾਲੀ ਟੀਮ ਨੇ ਇੱਕ ਨੌਜਵਾਨ ਨੂੰ ਉਸ ਦੇ ਵੱਡੇ ਭਰਾ ਦੀ ਮਹਿਲਾ ਦੋਸਤ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐਸਪੀ (ਸ਼ਹਿਰੀ-2) ਸੁਖਜੀਤ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਦੀ ਇੱਕ ਵਿਸ਼ੇਸ਼ ਟੀਮ ਪਿੰਡ ਕੁੰਭੜਾ ਨੇੜੇ ਸੈਕਟਰ-68 ਅਤੇ ਸੈਕਟਰ-69 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਪੈਦਲ ਗਸ਼ਤ ਕਰ ਰਹੀ ਸੀ।
ਇਸ ਦੌਰਾਨ ਐਕਟਿਵਾ ਸਵਾਰ ਨੌਜਵਾਨ ਉੱਥੋਂ ਲੰਘ ਰਿਹਾ ਸੀ, ਉਸ ਦੇ ਪਿੱਛੇ ਇੱਕ ਲੜਕੀ ਬੈਠੀ ਸੀ, ਜੋ ਪੁਲੀਸ ਨੂੰ ਗਸ਼ਤ ਕਰਦੇ ਦੇਖ ਕੇ ਘਬਰਾ ਗਏ ਅਤੇ ਐਕਟਿਵਾ ਦੇ ਪਿੱਛੇ ਬੈਠੀ ਲੜਕੀ ਨੇ ਆਪਣੀ ਪੈਂਟ ਦੀ ਸੱਜੀ ਜੇਬ ’ਚੋਂ ਇੱਕ ਮੋਮੀ ਕਾਗਜ ਦਾ ਲਿਫ਼ਾਫ਼ਾ ਕੱਢ ਕੇ ਖੱਬੇ ਪਾਸੇ ਝਾੜੀਆਂ ਵਿੱਚ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਸ਼ੱਕ ਹੋਣ ’ਤੇ ਥਾਣੇਦਾਰ ਜੀਵਨ ਸਿੰਘ ਨੇ ਸਾਥੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 60 ਗਰਾਮ ਹੈਰੋਇਨ/ਸਮੇਕ, ਇੱਕ ਕੰਪਿਊਟਰ ਕੰਡਾ, ਦੋ ਮੋਬਾਈਲ ਫੋਨ, 15 ਮੋਮੀ ਕਾਗਜ ਦੀਆਂ ਲਿਫ਼ਾਫ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਨੇ ਮੁਲਜ਼ਮਾਂ ਦੀ ਐਕਟਿਵਾ ਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਇਹ ਦੋਵੇਂ ਫਲੈਟ ਨੰਬਰ-5, ਹਿਮਲਟਨ ਹੋਮਰ, ਸੈਕਟਰ-115, ਖਰੜ (ਮੁਹਾਲੀ) ਵਿੱਚ ਰਹਿ ਰਹੇ ਸਨ।
ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਦੇ ਜੁਡੀਸ਼ਲ ਮੈਜਿਸਟਰੇਟ ਰਵਤੇਸ਼ ਇੰਦਰਜੀਤ ਸਿੰਘ ਗਰੇਵਾਲ ਦੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਲੜਕੀ ਦਾ ਬੁਆਏਫਰੈਂਡ ਜਤਿੰਦਰ ਸਿੰਘ ਨੂੰ ਯੂਟੀ ਪੁਲੀਸ ਨੇ ਇਸੇ ਸਾਲ 1 ਅਪਰੈਲ ਨੂੰ 302 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਉਸ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਥਾਣਾ ਓਪਰੇਸ਼ਨ ਸੈੱਲ, ਸੈਕਟਰ-26, ਚੰਡੀਗੜ੍ਹ ਵਿੱਚ ਕੇਸ ਦਰਜ ਹੈ। ਬੁਆਏਫਰੈਂਡ ਦੇ ਜੇਲ੍ਹ ਜਾਣ ਤੋਂ ਬਾਅਦ ਉਕਤ ਮੁਲਜ਼ਮ ਲੜਕੀ ਨੇ ਆਪਣੇ ਬੁਆਏਫਰੈਂਡ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਲਿਆ। ਮੁਲਜ਼ਮ ਖਰੜ, ਕੁੰਭੜਾ ਅਤੇ ਸੋਹਾਣਾ ਦੇ ਆਸਪਾਸ ਅਤੇ ਕਾਲਜ\ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਦੇ ਸਨ।

ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵਿੱਚ ਨਸ਼ੇ ਦੀ ਸਪਲਾਈ ਲਾਈਨ ਕਾਫ਼ੀ ਹੱਦ ਤੱਕ ਟੁੱਟ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…