
ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦਫ਼ਤਰ ’ਤੇ ਗਰਨੇਡ ਹਮਲੇ ਵਿੱਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ
ਦੋ ਸ਼ੱਕੀ ਅਤਿਵਾਦੀਆਂ ਨੂੰ ਵੀ ਕੀਤਾ ਗ੍ਰਿਫ਼ਤਾਰ : ਪੁਲੀਸ ਸੂਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ਉੱਤੇ ਬੀਤੀ 9 ਮਈ ਨੂੰ ਦੇਰ ਸ਼ਾਮ ਰਾਕੇਟ ਪ੍ਰੋਪੇਲਡ ਗ੍ਰੇਨਾਈਟ (ਆਰਪੀਜੀ) ਨਾਲ ਕੀਤੇ ਹਮਲੇ ਦੇ ਮਾਮਲੇ ਵਿੱਚ ਲੋੜੀਂਦਾ ਇੱਕ ਹੋਰ ਮੁਲਜ਼ਮ ਸਮੇਤ ਦੋ ਸ਼ੱਕੀ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਯੂਪੀ ਦਾ ਰਹਿਣ ਵਾਲਾ ਹੈ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਉਸ ਨੂੰ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਦੱਸਿਆ ਜਾ ਰਿਹਾ ਹੈ। ਉਸ ’ਤੇ ਅਤਿਵਾਦੀਆਂ ਨੂੰ ਪਨਾਹ ਦੇਣ ਅਤੇ ਹੋਰ ਮਦਦ ਕਰਨ ਦਾ ਦੋਸ਼ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਵੀ ਮੀਡੀਆ ਦੀਆਂ ਖ਼ਬਰਾਂ ਤੋਂ ਇਹ ਪਤਾ ਲੱਗਿਆ ਹੈ।
ਉਧਰ, ਪੰਜਾਬ ਪੁਲੀਸ ਪਹਿਲਾਂ ਹੀ ਇਹ ਮੰਨ ਚੁੱਕੀ ਹੈ ਕਿ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਹੋਏ ਧਮਾਕੇ ਨੂੰ ਬੱਬਰ ਖ਼ਾਲਸਾ ਅਤੇ ਗੈਂਗਸਟਰਾਂ ਦੇ ਗੱਠਜੋੜ ਨੇ ਅੰਜਾਮ ਦਿੱਤਾ ਸੀ। ਇਸ ਘਟਨਾ ਪਿੱਛੇ ਪਾਕਿਸਤਾਨ ਦੀ ਆਈਐਆਈ ਏਜੰਸੀ ਦਾ ਵੀ ਪੂਰਾ ਹੱਥ ਹੈ। ਹੁਣ ਤੱਕ ਇਸ ਮਾਮਲੇ ਵਿੱਚ ਬਲਜਿੰਦਰ ਸਿੰਘ ਰੈਂਬੋ ਵਾਸੀ ਪੱਟੀ (ਤਰਨਤਾਰਨ), ਜਗਦੀਪ ਸਿੰਘ ਕੰਗ, ਕੰਵਰਜੀਤ ਸਿੰਘ ਉਰਫ਼ ਕੰਵਲ ਬਾਠ ਵਾਸੀ ਗੁੰਮਟਾਲਾ (ਅੰਮ੍ਰਿਤਸਰ), ਬਲਜੀਤ ਕੌਰ ਉਰਫ਼ ਸੁਖੀ ਵਾਸੀ ਕੋਟ ਖਾਲਸਾ (ਅੰਮ੍ਰਿਤਸਰ), ਅਨੰਤਦੀਪ ਸੋਨੂ ਵਾਸੀ ਅੰਮ੍ਰਿਤਸਰ, ਨਿਸ਼ਾਨ ਸਿੰਘ ਅਤੇ ਉਸ ਦਾ ਸਾਲਾ ਸੋਨੂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਨੂੰ ਹੱਲ ਕਰਨ ਵਿੱਚ ਨਿਸ਼ਾਨ ਸਿੰਘ ਪੁਲੀਸ ਦਾ ਸੂਤਰਧਾਰ ਬਣਿਆ ਹੈ। ਇਸ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਕੈਨੇਡਾ ਰਹਿੰਦੇ ਲਖਬੀਰ ਸਿੰਘ ਲੰਡਾ ਅਤੇ ਪਾਕਿਸਤਾਨ ਵਿੱਚ ਰਹਿ ਰਹੇ ਗੈਂਗਸਟਰ ਤੋਂ ਅਤਿਵਾਦੀ ਬਣੇ ਹਰਵਿੰਦਰ ਸਿੰਘ ਰਿੰਦਾ ਨੇ ਰਚੀ ਸੀ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਦਹਿਸ਼ਤ ਫੈਲਾਉਣ ਲਈ ਸਭ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ। ਹਮਲੇ ਤੋਂ ਕੁੱਝ ਦਿਨ ਪਹਿਲਾਂ ਨਿਸ਼ਾਨ ਸਿੰਘ ਨੂੰ ਤਰਨ ਤਾਰਨ ਵਿੱਚ ਦੋ ਤਿੰਨ ਅਣਪਛਾਤੇ ਵਿਅਕਤੀਆਂ ਨੇ ਧਮਾਕਾਖ਼ੇਜ਼ ਸਮੱਗਰੀ ਮੁਹੱਈਆ ਕਰਵਾਈ ਸੀ। ਉਸ ਨੇ ਚੜ੍ਹਤ ਸਿੰਘ, ਬਲਜੀਤ ਕੌਰ ਅਤੇ ਕੰਵਰ ਬਾਠ ਸਮੇਤ ਬਾਕੀ ਮੁਲਜ਼ਮਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਸੀ ਅਤੇ ਬਾਅਦ ਵਿੱਚ ਹੋਣ ਟਿਕਾਣਿਆਂ ’ਤੇ ਠਹਿਰਾਇਆ ਗਿਆ ਸੀ। ਉਹ 7 ਮਈ ਤੱਕ ਅੰਮ੍ਰਿਤਸਰ ਅਤੇ ਤਰਨ ਤਾਰਨ ਇਲਾਕੇ ਵਿੱਚ ਰਹਿੰਦੇ ਰਹੇ ਅਤੇ ਇਸ ਮਗਰੋਂ ਦੋ ਮੁਲਜ਼ਮ ਮੁਹਾਲੀ ਦੇ ਸੈਕਟਰ-85 ਸਥਿਤ ਵੈਵ ਹਾਈਟਸ ਸੁਸਾਇਟੀ ਵਿੱਚ ਰਹਿੰਦੇ ਜਗਦੀਪ ਕੰਗ ਕੋਲ ਆ ਕੇ ਠਹਿਰੇ ਸੀ ਅਤੇ ਕੰਗ ਅਤੇ ਚੜ੍ਹਤ ਸਿੰਘ ਨੇ ਦੋ ਦਿਨ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਦੀ ਰੈਕੀ ਕੀਤੀ ਸੀ ਅਤੇ 9 ਮਈ ਦੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੇ ਫਰਾਰ ਮੁਲਜ਼ਮਾਂ ਦੇ ਯੂਪੀ ਅਤੇ ਬਿਹਾਰ ਵਿੱਚ ਜਾ ਕੇ ਛੁਪਣ ਦੀ ਗੱਲ ਕਹੀ ਜਾ ਰਹੀ ਸੀ। ਇਸ ਤੋਂ ਪਹਿਲਾਂ ਵੀ ਯੂਪੀ ’ਚੋਂ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ।