ਕਿਸਾਨ ਮੰਡੀ ਵਿੱਚ ਫੜੀ ਵਾਲਿਆਂ ਤੋਂ ਦੁੱਗਣੀ ਫੀਸ ਵਸੂਲਣ ਦਾ ਦੋਸ਼, ਕਰਮਚਾਰੀ ਨੇ ਦੋਸ਼ ਨਕਾਰੇ

ਮਾਰਕੀਟ ਕਮੇਟੀ ਮੁਲਾਜ਼ਮ ਨੇ ਫੜੀ ਵਾਲਿਆਂ ’ਤੇ ਬਦਮਾਸ਼ੀ ਕਰਨ ਤੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਕਿਸਾਨ ਮੰਡੀ ਵਿੱਚ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਨੇ ਮਾਰਕੀਟ ਕਮੇਟੀ ਦੇ ਕਰਮਚਾਰੀ ’ਤੇ ਉਨ੍ਹਾਂ ਕੋਲੋਂ ਦੁੱਗਣੀ ਫੀਸ ਵਸੂਲਣ ਦਾ ਦੋਸ਼ ਲਾਇਆ ਹੈ। ਪੀੜਤ ਫੜੀ ਵਾਲਿਆਂ ਨੇ ਅੱਜ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਸ਼ਿਕਾਇਤ ਦੇ ਕੇ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਕਿਸਾਨ ਮੰਡੀਆਂ ਵਿੱਚ ਕਰਮਚਾਰੀ ਵੱਲੋਂ ਲੋਕਾਂ ਤੋਂ 40 ਰੁਪਏ ਮੰਡੀ ਦੀ ਫੀਸ ਦੀ ਥਾਂ 100 ਰੁਪਏ ਤੋਂ ਲੈ ਕੇ 200 ਰੁਪਏ ਵਸੂਲੇ ਜਾਂਦੇ ਹਨ ਅਤੇ ਵਾਧੂ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ ਜਾਂਦੀ ਹੈ। ਉਧਰ, ਮਾਰਕੀਟ ਕਮੇਟੀ ਦੇ ਕਰਮਚਾਰੀ ਲਖਵਿੰਦਰ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਬੀਤੇ ਦਿਨੀਂ ਫੜੀ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ਜਿਸ ਦੀ ਸੋਹਾਣਾ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਦਬਾਅ ਬਣਾਉਣ ਲਈ ਉਨ੍ਹਾਂ ’ਤੇ ਝੂਠਾ ਦੋਸ਼ ਲਗਾ ਰਹੇ ਹਨ।
ਪੀੜਤ ਦੁਕਾਨਦਾਰ ਬਲਕਾਰ ਸਿੰਘ, ਲਖਵੀਰ ਸਿੰਘ, ਮਾਨ ਸਿੰਘ, ਕਾਲਾ, ਸਤਿੰਦਰ, ਆਯੂਸ਼, ਅਜੈ, ਵਿਪੁਲ, ਕਾਲਾ, ਸੁੱਚਾ ਸਿੰਘ, ਪ੍ਰੇਮਪਾਲ, ਮੀਤ ਸਿੰਘ, ਗੁਰਮੀਤ ਸਿੰਘ, ਸਤਵਿੰਦਰ ਸਿੰਘ, ਜਗਦੇਵ ਸਿੰਘ, ਰਿੰਕੂ, ਅਨਾਸ, ਸੋਨੀ, ਰਾਜਾ, ਮਾਨ ਸਿੰਘ, ਮਨੋਜ ਕੁਮਾਰ, ਅਵਤਾਰ ਸਿੰਘ, ਗੁਰਜੀਤ ਸਿੰਘ, ਜਸਵਿੰਦਰ ਕੌਰ, ਸਤੀਸ਼, ਸ਼ਾਕਿਲ, ਗੁਰਰੀਤ ਸਿੰਘ, ਆਕਾਸ਼, ਕਰਨ, ਅਨੀਸ਼, ਰਾਹੁਲ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਸਾਰੇ ਕਿਸਾਨ ਮੰਡੀਆਂ ਵਿੱਚ ਸਬਜ਼ੀ ਵੇਚ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਸਬਜ਼ੀ ਆਦਿ ਵੇਚਣ ਲਈ 40 ਰੁਪਏ ਫੀਸ ਮੁਕੱਰਰ ਕੀਤੀ ਗਈ ਹੈ ਪ੍ਰੰਤੂ ਉਕਤ ਕਰਮਚਾਰੀ ਵੱਲੋਂ ਉਨ੍ਹਾਂ ਤੋਂ 100 ਤੋਂ 200 ਰੁਪਏ ਤੱਕ ਵਸੂਲੇ ਜਾਂਦੇ ਹਨ। ਮਨਮਰਜ਼ੀ ਦੇ ਪੈਸੇ ਦੇਣ ਤੋਂ ਆਨਾਕਾਨੀ ਕਰਨ ’ਤੇ ਉਹ ਝਗੜਾ ਕਰਨ ’ਤੇ ਉਤਾਰੂ ਹੋ ਜਾਂਦਾ ਹੈ, ਜਿਸ ਦੀ ਉਨ੍ਹਾਂ ਕੋਲ ਵੀਡੀਓ ਵੀ ਹੈ। ਉਨ੍ਹਾਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਕਰਮਚਾਰੀ ਵਿਰੁੱਧ ਸਖ਼ਤ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਧਰ, ਮਾਰਕੀਟ ਕਮੇਟੀ ਦੇ ਕਰਮਚਾਰੀ ਲਖਵਿੰਦਰ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਬੀਤੇ ਦਿਨੀਂ ਫੜੀ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ ਗਈ ਹੈ। ਜਿਸ ਦੀ ਸੋਹਾਣਾ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਦਬਾਅ ਬਣਾਉਣ ਲਈ ਉਨ੍ਹਾਂ ’ਤੇ ਝੂਠਾ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸਬਜ਼ੀ ਵੇਚਣ ਵਾਲੇ ਤੋਂ ਨਿਯਮਾਂ ਅਨੁਸਾਰ 40 ਰੁਪਏ ਫੀਸ ਹੀ ਲਈ ਜਾਂਦੀ ਹੈ। ਜਿਹੜੇ ਲੋਕ ਕਿਸਾਨਾਂ ਤੋਂ ਖ਼ਰੀਦ ਕੇ ਅੱਗੇ ਸਾਮਾਨ ਵੇਚਦੇ ਹਨ, ਉਨ੍ਹਾਂ ਦੀ ਫੀਸ 100 ਰੁਪਏ ਹੈ। ਜੇਕਰ ਕੋਈ ਕਿਸਾਨ ਚਾਰ ਤੋਂ ਵੱਧ ਟੇਬਲ ਲਗਾਉਂਦਾ ਹੈ ਤਾਂ ਉਸਦੀ ਪਰਚੀ 100 ਰੁਪਏ ਹੈ ਅਤੇ ਜੇਕਰ ਕੋਈ ਫੜੀ ਵਾਲਾ ਚਾਰ ਤੋਂ ਵੱਧ ਟੇਬਲ ਲਗਾਉਂਦਾ ਹੈ ਤਾਂ ਉਸਦੀ ਪਰਚੀ 200 ਰੁਪਏ ਬਣਦੀ ਹੈ ਅਤੇ ਮੰਡੀ ਵਿੱਚ ਨਿਯਮਾਂ ਅਨੁਸਾਰ ਹੀ ਪੈਸੇ ਇਕੱਠੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 11 ਸਾਲ ਤੋਂ ਡਿਊਟੀ ਨਿਭਾ ਰਹੇ ਹਨ। ਹੁਣ ਤੱਕ ਕੋਈ ਸ਼ਿਕਾਇਤ ਨਹੀਂ ਹੋਈ।

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…