ਫਿਲਮ ਵਿੱਚ ਸਹਾਇਕ ਪ੍ਰੋਡਿਊਸਰ ਬਣਾ ਕੇ ਵਿਦੇਸ਼ ਵਿੱਚ ਪੱਕਾ ਕਰਵਾਉਣ ਦੇ ਨਾਮ ਤੇ 35 ਲੱਖ ਦੀ ਠੱਗੀ ਮਾਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਇੱਥੋਂ ਦੇ ਸੈਕਟਰ-68 (ਕੁੰਭੜਾ) ਦੀ ਵਸਨੀਕ ਅਮਨਦੀਪ ਕੌਰ ਨੇ ਉਸ ਨੂੰ ਫਿਲਮ ਵਿੱਚ ਕੋ-ਪ੍ਰੋਡਿਊਸਰ ਲੈ ਕੇ ਵਿਦੇਸ਼ ਵਿੱਚ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ 35 ਲੱਖ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਉਸਨੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਇੱਥੇ ਮੀਡੀਆ ਸੈਂਟਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਅਮਨਦੀਪ ਕੌਰ ਨੇ ਦੋਸ਼ ਲਾਇਆ ਕਿ ਉਸਦੇ ਜਾਣਕਾਰ ਪੂਰਨ ਸਿੰਘ ਵਾਸੀ ਜ਼ੀਰਕਪੁਰ ਨੇ ਉਸ ਨੂੰ ਆਪਣੇ ਇਕ ਜਾਣਕਾਰ ਨਾਲ ਕਾਮਾ ਹੋਟਲ ਫੇਜ਼-3ਏ ਵਿੱਚ ਮਿਲਵਾਇਆ ਸੀ। ਪੂਰਨ ਸਿੰਘ ਟਰਾਂਸਪੋਰਟ ਦਾ ਕਾਰੋਬਾਰੀ ਹੈ, ਜੋ ਕਿ ਫਿਲਮਾਂ ਬਣਾਉਣ ਵਾਲਿਆਂ ਲਈ ਕੰਮ ਕਰਦਾ ਹੈ ਅਤੇ ਮੈਂਡੀ ਫਿਲਮਾਂ ਵਿੱਚ ਪ੍ਰੋਡਕਸ਼ਨ ਦਾ ਕੰਮ ਕਰਦਾ ਹੈ।
ਇਸ ਮੁਲਾਕਾਤ ਦੌਰਾਨ ਮੈਂਡੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਦਾ ਦੋਸਤ ਰਿੱਕੀ ਤੇਜ਼ੀ ਪੰਜਾਬੀ ਫਿਲਮਾਂ ਬਣਾਉਂਦਾ ਹੈ। ਜਿਸ ਨੇ ਇਕ ਪੰਜਾਬੀ ਫਿਲਮ ਬਣਾਉਣੀ ਹੈ, ਜਿਸ ਵਿੱਚ ਉਹ ਅਮਨਦੀਪ ਕੌਰ ਨੂੰ ਕੋ-ਪ੍ਰੋਡਿਊਸਰ ਵਜੋਂ ਕੈਨੇਡਾ ਲੈ ਕੇ ਜਾਵੇਗਾ ਅਤੇ ਉੱਥੇ ਸੈਟ ਕਰਵਾ ਦੇਵੇਗਾ।
ਅਮਨਦੀਪ ਕੌਰ ਨੇ ਕਿਹਾ ਕਿ ਜੁਲਾਈ 2018 ਵਿੱਚ ਮੈਂਡੀ ਅਤੇ ਪੂਰਨ ਸਿੰਘ ਨੇ ਰਿੱਕੀ ਤੇਜ਼ੀ ਅਤੇ ਗੁੰਜਨ ਨਾਲ ਇਸੇ ਹੋਟਲ ਵਿੱਚ ਉਸ ਦੀ ਮੀਟਿੰਗ ਕਰਵਾਈ, ਜਿੱਥੇ ਉਨ੍ਹਾਂ ਨੇ ਉਸ ਨੂੰ ਆਪਣੀ ਪੰਜਾਬੀ ਫਿਲਮ ਹਾਂਜੀ-ਹਾਂਜੀ ਵਿੱਚ ਕੋ-ਪ੍ਰੋਡਿਊਸਰ ਲੈਣ ਦਾ ਭਰੋਸਾ ਦਿੱਤਾ। ਰਿੱਕੀ ਅਤੇ ਗੁੰਜਨ ਨੇ ਕਿਹਾ ਕਿ ਉਹ (ਅਮਨਦੀਪ ) ਉਨ੍ਹਾਂ ਦੀ ਫਿਲਮ ਵਿੱਚ ਕੋ-ਪ੍ਰੋਡਿਊਸਰ ਵਜੋਂ ਪੈਸਾ ਇਨਵੈਸਟ ਕਰੇ ਤਾਂ ਉਹ ਉਸ ਨੂੰ ਚੰਗਾ ਮੁਨਾਫ਼ਾ ਵੀ ਦੇਣਗੇ ਅਤੇ ਕੈਨੇਡਾ ਵਿੱਚ ਪੱਕੇ ਤੌਰ ’ਤੇ ਸੈਟਲ ਕਰਵਾ ਦੇਣਗੇ।
ਅਮਨਦੀਪ ਕੌਰ ਨੇ ਕਿਹਾ ਕਿ ਉਸ ਨੇ ਇਨ੍ਹਾਂ ਦੇ ਝਾਂਸੇ ਵਿੱਚ ਆ ਕੇ ਫਿਲਮ ਵਿੱਚ ਪੈਸੇ ਇਨਵੈਸਟ ਕਰਨ ਦੀ ਹਾਮੀ ਭਰ ਦਿੱਤੀ। ਇਸ ਸਬੰਧੀ 19 ਜੁਲਾਈ 2018 ਨੂੰ ਇਕ ਐਗਰੀਮੈਂਟ ਵੀ ਕੀਤਾ ਗਿਆ। ਜਿਸ ਉੱਤੇ ਰਿੱਕੀ ਤੇਜ਼ੀ ਨੇ ਦਸਤਖ਼੍ਰਤ ਕੀਤੇ ਅਤੇ ਪੂਰਨ ਸਿੰਘ ਅਤੇ ਮੈਂਡੀ ਨੇ ਬਤੌਰ ਗਵਾਹ ਦਸਤਖ਼ਤ ਕੀਤੇ ਸਨ। ਉਪਰੰਤ ਉਸਨੇ ਰਿੱਕੀ ਅਤੇ ਗੁੰਜਨ ਨੂੰ 5 ਲੱਖ ਰੁਪਏ ਦਿੱਤੇ ਅਤੇ ਬਾਕੀ ਰਾਸ਼ੀ 30 ਲੱਖ ਰੁਪਏ ਚੈੱਕਾਂ ਰਾਹੀਂ ਦਿੱਤੀ ਗਈ। ਰਿੱਕੀ ਨੇ ਉਸ ਤੋਂ ਪਾਸਪੋਰਟ ਦੀਆਂ ਫੋਟੋ ਕਾਪੀਆਂ ਅਤੇ ਹੋਰ ਦਸਤਾਵੇਜ਼ ਲੈ ਲਏ। ਮਗਰੋਂ ਰਿੱਕੀ ਅਤੇ ਗੁੰਜਨ ਉਸ ਦੀ ਪ੍ਰੋਫਾਈਲ ਬਣਾਉਣ ਲਈ ਪਿੰਡ ਦੁੱਗਾ (ਸੰਗਰੂਰ) ਸ਼ੈਰੀ ਮਾਨ ਦੀ ਫਿਲਮ ਦੇ ਸ਼ੂਟ ’ਤੇ ਲੈ ਕੇ ਗਏ, ਜਿੱਥੇ ਉਸ ਦੀਆਂ ਅਨੇਕਾਂ ਕਲਾਕਾਰਾਂ ਨਾਲ ਤਸਵੀਰਾਂ ਖਿੱਚੀਆਂ ਗਈਆਂ। ਉਨ੍ਹਾਂ ਦੋਸ਼ ਲਾਇਆ ਕਿ ਐਗਰੀਮੈਂਟ ਅਨੁਸਾਰ ਨਾ ਤਾਂ ਰਿੱਕੀ ਤੇਜ਼ੀ ਅਤੇ ਗੁੰਜਨ ਨੇ ਕੋਈ ਫਿਲਮ ਬਣਾਈ ਅਤੇ ਨਾ ਉਸ ਨੂੰ ਵਿਦੇਸ਼ ਭੇਜਿਆ ਗਿਆ। ਇੰਜ ਉਸ ਨਾਲ 35 ਲੱਖ ਰੁਪਏ ਦੀ ਠੱਗੀ ਮਾਰੀ ਗਈ। ਜਦੋਂ ਉਸਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਗੈਂਗਸਟਰਾਂ ਤੋਂ ਖ਼ਤਮ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਉਧਰ, ਇਸ ਸਬੰਧੀ ਰਿੱਕੀ ਤੇਜ਼ੀ ਨੇ ਸ਼ਿਕਾਇਤਕਰਤਾ ਅਮਨਦੀਪ ਕੌਰ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਇਹ ਮੰਨਿਆਂ ਕਿ ਐਗਰੀਮੈਂਟ ਜ਼ਰੂਰ ਹੋਇਆ ਹੈ ਪਰ ਹਾਲੇ ਫਿਲਮ ਬਣਨੀ ਸ਼ੁਰੂ ਨਹੀਂ ਹੋਈ, ਜਦੋਂ ਫਿਲਮ ਬਣ ਜਾਵੇਗੀ ਤਾਂ ਉਸ ਤੋਂ ਹੋਣ ਵਾਲੇ ਮੁਨਾਫ਼ੇ ’ਚੋਂ ਬਣਦਾ ਲਾਭ ਅਮਨਦੀਪ ਕੌਰ ਨੂੰ ਵੀ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …