ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤ ਬਣਾ ਰਹੇ 3 ਮੁਲਜ਼ਮ ਅਸਲੇ ਸਣੇ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ 2 ਪਿਸਤੌਲ, 315 ਬੋਰ ਦੇ ਦੋ ਦੇਸੀ ਕੱਟੇ, 4 ਮੈਗਜ਼ੀਨ ਤੇ 12 ਜਿੰਦਾ ਕਾਰਤੂਸ ਬਰਾਮਦ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲੀਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਨਵਾਂ ਗਾਉਂ ਥਾਣਾ ਦੇ ਐਸਐਚਓ ਸਬ ਇੰਸਪੈਕਟਰ ਜਗਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਹਾਲੀ ਇਲਾਕੇ ਵਿੱਚ ਲੁੱਟ ਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤ ਬਣਾ ਰਹੇ ਤਿੰਨ ਲੁਟੇਰਿਆਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਰੋਹਿਤ ਸ਼ਰਮਾ ਵਾਸੀ ਪਿੰਡ ਥੇਰੀ ਜੱਟ (ਯੂਪੀ), ਅਭਿਸ਼ੇਕ ਸ਼ਰਮਾ ਵਾਸੀ ਪਿੰਡ ਗੋਸੂਪੁਰ (ਯੂਪੀ) ਅਤੇ ਰਾਹੁਲ ਕੁਮਾਰ ਵਾਸੀ ਪਿੰਡ ਬਡਲਾ ਬਾਰੇ (ਯੂਪੀ) ਦੇ ਖ਼ਿਲਾਫ਼ ਨਵਾਂ ਗਾਉਂ ਥਾਣੇ ਵਿੱਚ ਧਾਰਾ 399,402 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦੋ ਹੋਰ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜੋ ਪੁਲੀਸ ਦੀ ਛਾਪੇਮਾਰੀ ਦੌਰਾਨ ਮੌਕੇ ਤੋਂ ਫਰਾਰ ਹੋ ਗਏ ਸੀ।
ਮੁਹਾਲੀ ਵਿੱਚ ਅੱਜ ਸ਼ਾਮ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਰਾਤ ਖੁਫ਼ੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਕੁੱਝ ਅਣਪਛਾਤੇ ਵਿਅਕਤੀਆਂ ਹਥਿਆਰਾਂ ਨਾਲ ਲੈਸ ਹਨ ਅਤੇ ਮੁਹਾਲੀ ਵਿੱਚ ਕਿਸੀ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਮਿਲਦੇ ਹੀ ਐਸਐਚਓ ਜਗਜੀਤ ਸਿੰਘ ਨੇ ਪੁਲੀਸ ਫੋਰਸ ਨਾਲ ਪਿੰਡ ਨਾਡਾ ਵਿੱਚ ਛਾਪੇਮਾਰੀ ਕਰਕੇ ਮੋਹਿਤ ਸ਼ਰਮਾ, ਅਭਿਸ਼ੇਕ ਸ਼ਰਮਾ ਅਤੇ ਰਾਹੁਲ ਕੁਮਾਰ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਉਨ੍ਹਾਂ ਦੇ 2 ਹੋਰ ਅਣਪਛਾਤੇ ਵਿਅਕਤੀ ਫਰਾਰ ਹੋ ਗਏ।
ਡੀਐਸਪੀ ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 2 ਪਿਸਤੌਲ, 2 ਜਿੰਦਾ ਕਾਰਤੂਸ, 4 ਮੈਗਜ਼ੀਨ, 315 ਬੋਰ ਦੇ ਦੋ ਦੇਸੀ ਕੱਟੇ ਅਤੇ 315 ਬੋਰ ਦੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਲੁੱਟ-ਖੋਹ ਦੀਆਂ ਹੋਰ ਵਾਰਦਾਤਾਂ ਬਾਰੇ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਫਰਾਰ ਸਾਥੀਆਂ ਦੀ ਪੈੜ ਨੱਪਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …