nabaz-e-punjab.com

ਗੈਂਗਸਟਰਾਂ ਤੇ ਖਾੜਕੂਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਨੂੰ ਲੁਧਿਆਣਾ ਜੇਲ੍ਹ ਭੇਜ ਭੇਜਿਆ

ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਯੂਪੀ ’ਚੋਂ ਇਕ ਹੋਰ .30 ਬੋਰ ਦਾ ਪਿਸਤੌਲ ਤੇ 10 ਜਿੰਦਾ ਕਾਰਤੂਸ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਗੈਂਗਸਟਰਾਂ ਅਤੇ ਖਾੜਕੂ ਕਾਰਕੁਨਾਂ ਨੂੰ ਹਥਿਆਰ ਸਪਲਾਈ ਦੇ ਮਾਮਲੇ ਵਿੱਚ ਯੂਪੀ ਤੋਂ ਗ੍ਰਿਫ਼ਤਾਰ ਮੁਲਜ਼ਮ ਜਾਵੇਦ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਲੁਧਿਆਣਾ ਜੇਲ੍ਹ ਭੇਜ ਦਿੱਤਾ। ਪੁਲੀਸ ਅਨੁਸਾਰ ਮੁਲਜ਼ਮ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਵਿੱਚ ਮੁੜ ਤੋਂ ਅਤਿਵਾਦ ਨੂੰ ਸੁਰਜੀਤ ਕਰਨ ਅਤੇ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਤਾਕ ਵਿੱਚ ਸੀ। ਪਿਛਲੇ ਦਿਨੀਂ ਇਕ ਗੁਪਤ ਸੂਚਨਾ ਨੂੰ ਆਧਾਰ ਬਣਾ ਕੇ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਕੰਟਰੋਲ ਯੂਨਿਟ ਅਤੇ ਯੂਪੀ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਮੁਲਜ਼ਮ ਜਾਵੇਦ ਨੂੰ ਯੂਟੀ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਖ਼ਿਲਾਫ਼ ਮੁਹਾਲੀ ਸਥਿਤ ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਦੇ ਫੇਜ਼-1 ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਯੂਪੀ ’ਚੋਂ .30 ਬੋਰ ਦਾ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ .32 ਬੋਰ ਦਾ ਪਿਸਤੌਲ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ।
ਮੁਲਜ਼ਮ ਜਾਦੇਵ, ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ਼) ਨਾਮੀ ਖਾੜਕੂ ਜਥੇਬੰਦੀ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਆਸੀਸ ਸਿੰਘ ਖ਼ਿਲਾਫ਼ ਦਰਜ ਮਾਮਲੇ ਵਿੱਚ ਨਾਮਜ਼ਦ ਸੀ। ਇਸ ਤੋਂ ਪਹਿਲਾਂ ਆਸੀਸ ਨੂੰ ਯੂਪੀ ’ਚੋਂ ਕਾਬੂ ਕੀਤਾ ਗਿਆ ਸੀ। ਜਾਵੇਦ ’ਤੇ ਖਾੜਕੂ ਗੁਗਨੀ ਸਮੇਤ ਹੋਰਨਾਂ ਕਾਰਕੁਨਾਂ ਨੂੰ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ। ਮੁਲਜ਼ਮਾਂ ਦੇ ਗਰੋਹ ਦੀ ਪੰਜਾਬ ਵਿੱਚ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਹੁਣ ਤੱਕ ਉਹ ਕਈ ਖੂੰਖਾਰ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾਨ ਖਾੜਕੂ ਗਤੀਵਿਧੀਆਂ ਅਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਬਾਰੇ ਪੁੱਛਗਿੱਛ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ 27 ਜਨਵਰੀ 2020 ਨੂੰ ਜਦੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮੀਤ ਸਿੰਘ ਦੀ ਪਾਕਿਸਤਾਨ ਵਿੱਚ ਹੱਤਿਆ ਕੀਤੀ ਗਈ ਤਾਂ ਉਦੋਂ ਮੋਗਾ ਤੋਂ ਗ੍ਰਿਫ਼ਤਾਰ ਕੀਤੇ ਸੁਖਪ੍ਰੀਤ ਸਿੰਘ ਨੇ ਪੁੱਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਆਸੀਸ ਖਾੜਕੂ ਜਥੇਬੰਦੀ ਨੂੰ ਹਥਿਆਰ ਸਪਲਾਈ ਕਰਦਾ ਸੀ। ਆਸੀਸ ਕੇਐਲਐਫ਼ ਦੇ ਮੁਖੀ ਗੁਗਨੀ ਗਰੇਵਾਲ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਉਸ ’ਤੇ ਸ਼ਿਵ ਸੈਨਾ ਅਤੇ ਆਰਐਸਐਸ ਆਗੂਆਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਮੁਲਜ਼ਮ ਆਸੀਸ ਪਟਿਆਲਾ ਜੇਲ੍ਹ ਵਿੱਚ ਬੰਦ ਰਹਿ ਚੁੱਕਾ ਹੈ। ਜਿੱਥੇ ਉਸ ਦੀ ਮੁਲਾਕਾਤ ਕੇਐਲਐਫ਼ ਦੇ ਮੁਖੀ ਨਾਲ ਹੋਈ ਸੀ। ਆਸੀਸ ’ਤੇ ਕਾਤਲਾਨਾ ਹਮਲਾ, ਖ਼ਤਰਨਾਕ ਹਥਿਆਰਾਂ ਨਾਲ ਦੰਗੇ ਭੜਕਾਉਣ ਅਤੇ ਸੰਗੀਨ ਅਪਰਾਧ ਦੀ ਸਾਜ਼ਿਸ਼ ਰਚਨ ਦੇ ਦੋਸ਼ ਸਾਲ 2018 ਵਿੱਚ ਪੰਜਾਬ ਦੇ ਕੁਝ ਖੂੰਖਾਰ ਅਪਰਾਧੀਆਂ ਨੂੰ ਪਨਾਹ ਦੇਣ ਦਾ ਵੀ ਦੋਸ਼ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …