
ਗੈਂਗਸਟਰਾਂ ਤੇ ਖਾੜਕੂਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਦਾ 5 ਰੋਜ਼ਾ ਪੁਲੀਸ ਰਿਮਾਂਡ
ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਯੂਪੀ ’ਚੋਂ ਪਿਸਤੌਲ ਤੇ ਕਾਰਤੂਸ ਬਰਾਮਦ, ਹੋਰ ਪੁੱਛਗਿੱਛ ਜਾਰੀ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਪੰਜਾਬ ਪੁਲੀਸ ਦੇ ਸਟੇਟ ਕਰਾਈਮ ਕੰਟਰੋਲ ਯੂਨਿਟ ਅਤੇ ਯੂਪੀ ਪੁਲੀਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਗੈਂਗਸਟਰਾਂ ਅਤੇ ਖਾੜਕੂ ਕਾਰਕੁਨਾਂ ਨੂੰ ਹਥਿਆਰ ਸਪਲਾਈ ਦੇ ਮਾਮਲੇ ਵਿੱਚ ਯੂਪੀ ਤੋਂ ਗ੍ਰਿਫ਼ਤਾਰ ਮੁਲਜ਼ਮ ਜਾਵੇਦ ਨੂੰ ਪਹਿਲਾਂ ਦਿੱਤਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲੀਸ ਦੀ ਅਰਜ਼ੀ ਪ੍ਰਵਾਨ ਕਰਦਿਆਂ ਮੁਲਜ਼ਮ ਨੂੰ 16 ਜੂਨ ਤੱਕ ਫਿਰ ਤੋਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਸਬੰਧੀ ਸਟੇਟ ਕਰਾਈਮ ਕੰਟਰੋਲ ਯੂਨਿਟ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਯੂਪੀ ’ਚੋਂ .32 ਬੋਰ ਦਾ ਪਿਸਤੌਲ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮ ਤੋਂ ਪਤਾ ਕਰਨਾ ਹੈ ਕਿ ਹੁਣ ਤੱਕ ਉਸ ਨੇ ਪੰਜਾਬ ਵਿੱਚ ਕਿੰਨੇ ਹਥਿਆਰ ਸਪਲਾਈ ਕੀਤੇ ਹਨ ਅਤੇ ਮੁਲਜ਼ਮ ਅਤੇ ਉਸ ਦੇ ਸਥੀਆਂ ਦੀ ਅਗਲੀ ਯੋਜਨਾ ਕੀ ਸੀ।
ਮੁਲਜ਼ਮ ਜਾਦੇਵ, ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ਼) ਨਾਮੀ ਖਾੜਕੂ ਜਥੇਬੰਦੀ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਆਸ਼ੀਸ਼ ਸਿੰਘ ਖ਼ਿਲਾਫ਼ ਦਰਜ ਮਾਮਲੇ ਵਿੱਚ ਨਾਮਜ਼ਦ ਸੀ। ਇਸ ਤੋਂ ਪਹਿਲਾਂ ਆਸ਼ੀਸ਼ ਨੂੰ ਯੂਪੀ ’ਚੋਂ ਕਾਬੂ ਕੀਤਾ ਗਿਆ ਸੀ। ਜਾਵੇਦ ’ਤੇ ਖਾੜਕੂ ਗੁਗਨੀ ਸਮੇਤ ਹੋਰਨਾਂ ਕਾਰਕੁਨਾਂ ਨੂੰ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ। ਮੁਲਜ਼ਮਾਂ ਦੇ ਗਰੋਹ ਦੀ ਪੰਜਾਬ ਵਿੱਚ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਉਹ ਕਈ ਖੂੰਖਾਰ ਅਪਰਾਧੀਆਂ ਨੂੰ ਹਥਿਆਰ ਸਪਲਾਈ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾਨ ਖਾੜਕੂ ਗਤੀਵਿਧੀਆਂ ਅਤੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਬਾਰੇ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
(ਬਾਕਸ ਆਈਟਮ)
ਜਾਣਕਾਰੀ ਅਨੁਸਾਰ 27 ਜਨਵਰੀ ਨੂੰ ਜਦੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮੀਤ ਸਿੰਘ ਦੀ ਪਾਕਿਸਤਾਨ ਵਿੱਚ ਹੱਤਿਆ ਕੀਤੀ ਗਈ ਤਾਂ ਉਦੋਂ ਮੋਗਾ ਤੋਂ ਗ੍ਰਿਫ਼ਤਾਰ ਕੀਤੇ ਸੁਖਪ੍ਰੀਤ ਸਿੰਘ ਨੇ ਪੁੱਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਆਸ਼ੀਸ਼ ਖਾੜਕੂ ਜਥੇਬੰਦੀ ਨੂੰ ਹਥਿਆਰ ਸਪਲਾਈ ਕਰਦਾ ਸੀ। ਆਸ਼ੀਸ਼ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ਼) ਦੇ ਮੁਖੀ ਹਰਮੀਤ ਸਿੰਘ ਉਰਫ਼ ਗੁਗਨੀ ਗਰੇਵਾਲ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਉਸ ’ਤੇ ਸ਼ਿਵ ਸੈਨਾ ਅਤੇ ਆਰਐਸਐਸ ਆਗੂਆਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਮੁਲਜ਼ਮ ਆਸ਼ੀਸ਼ ਪਟਿਆਲਾ ਜੇਲ੍ਹ ਵਿੱਚ ਬੰਦ ਰਹਿ ਚੁੱਕਾ ਹੈ। ਜਿੱਥੇ ਉਸ ਦੀ ਮੁਲਾਕਾਤ ਕੇਐਲਐਫ਼ ਦੇ ਮੁਖੀ ਨਾਲ ਹੋਈ ਸੀ। ਆਸ਼ੀਸ਼ ’ਤੇ ਕਾਤਲਾਨਾ ਹਮਲਾ, ਖ਼ਤਰਨਾਕ ਹਥਿਆਰਾਂ ਨਾਲ ਦੰਗੇ ਭੜਕਾਉਣ ਅਤੇ ਸੰਗੀਨ ਅਪਰਾਧ ਦੀ ਸਾਜ਼ਿਸ਼ ਰਚਨ ਦੇ ਦੋਸ਼ ਸਾਲ 2018 ਵਿੱਚ ਪੰਜਾਬ ਦੇ ਕੁਝ ਖੂੰਖਾਰ ਅਪਰਾਧੀਆਂ ਨੂੰ ਪਨਾਹ ਦੇਣ ਦਾ ਵੀ ਦੋਸ਼ ਹੈ।