ਰਸੂਖਦਾਰ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਵਾਲਾ ਮੁਲਜ਼ਮ ਅਸਲੇ ਸਮੇਤ ਗ੍ਰਿਫ਼ਤਾਰ

ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੇ ਨਾਂ ’ਤੇ ਪਿੰਡ ਮੋੜਾ ਦੇ ਸਰਪੰਚ ਤੋਂ ਵਸੂਲੇ ਸੀ ਸਾਢੇ 12 ਲੱਖ

ਨੈਣਾਂ ਦੇਵੀ ਟਰੱਸਟ ਦੇ ਪੁਜਾਰੀ ਤੋਂ 30 ਲੱਖ ਤੇ ਜਤਿੰਦਰ ਸਿੰਘ ਵਾਸੀ ਪੀਲੀਭੀਤ ਤੋਂ 1 ਕਰੋੜ ਦੀ ਫਿਰੌਤੀ ਦੀ ਕੀਤੀ ਸੀ ਮੰਗ

ਸੀਆਈਏ ਸਟਾਫ਼ ਨੇ ਮਨੀਸ਼ ਗੌਤਮ ਨੈਣਾਂ ਦੇਵੀ ਟਰੱਸਟ ਦੇ ਪੁਜਾਰੀ ਨੂੰ ਤਫ਼ਤੀਸ ’ਚ ਕੀਤਾ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਰਸੂਖਦਾਰ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਵਾਲੇ ਮੁਲਜ਼ਮ ਮੱਖਣ ਸਿੰਘ ਵਾਸੀ ਸੰਮਲਾਹ, ਥਾਣਾ ਅਨੰਦਪੁਰ ਸਾਹਿਬ (ਰੂਪਨਗਰ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਕੋਲੋਂ .32 ਬੋਰ ਦਾ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਕੇਸ ਦਰਜ ਹਨ। ਇਹ ਜਾਣਕਾਰੀ ਅੱਜ ਇੱਥੇ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਲਿਖਤੀ ਬਿਆਨ ਵਿੱਚ ਦਿੱਤੀ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਮੱਖਣ ਸਿੰਘ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ।
ਐਸਐਸਪੀ ਨੇ ਦੱਸਿਆ ਕਿ ਸੀਆਈਏ ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੱਖਣ ਸਿੰਘ ਰਸੂਖਦਾਰ ਲੋਕਾਂ ਨੂੰ ਡਰਾ-ਧਮਕਾ ਕੇ ਅਤੇ ਜਾਨੋ ਮਾਰਨ ਧਮਕੀ ਦੇ ਕੇ ਫਿਰੋਤੀ ਦੀ ਮੋਟੀ ਰਕਮ ਵਸੂਲ ਕਰਦਾ ਹੈ। ਪੁਲੀਸ ਨੇ ਖਾਨਪੁਰ ਟੀ-ਪੁਆਇੰਟ ਨੇੜੇ ਨਾਕਾਬੰਦੀ ਕਰਕੇ ਮੱਖਣ ਸਿੰਘ ਨੂੰ ਕਾਬੂ ਕਰ ਲਿਆ ਅਤੇ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਉਹ ਕਾਫ਼ੀ ਸਮੇਂ ਤੋਂ ਰਸੂਖਦਾਰ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਲੈਂਦਾ ਆ ਰਿਹਾ ਹੈ। ਮੱਖਣ ਸਿੰਘ ਨੇ ਪਹਿਲਾ ਵੀ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਨਾਮ ਦੀ ਵਰਤੋਂ ਕਰਕੇ ਸਰਵਣ ਸਿੰਘ ਸਰਪੰਚ ਪਿੰਡ ਮੋੜਾ ਤੋਂ 12 ਲੱਖ 50 ਹਜ਼ਾਰ ਰੁਪਏ ਦੀ ਫਿਰੌਤੀ ਦੀ ਰਾਸ਼ੀ ਵਸੂਲ ਕੀਤੀ ਸੀ। ਇਸ ਸਬੰਧੀ ਉਸ ਦੇ ਖ਼ਿਲਾਫ਼ 19 ਦਸੰਬਰ 2018 ਨੂੰ ਧਾਰਾ 384,387,506 ਅਤੇ 34 ਤਹਿਤ ਥਾਣਾ ਕੀਰਤਪੁਰ ਸਾਹਿਬ ਕੇਸ ਦਰਜ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੱਖਣ ਸਿੰਘ ਨੇ ਮੰਨਿਆ ਹੈ ਕਿ ਉਸ ਨੇ ਮਨੀਸ਼ ਗੌਤਮ ਨੈਣਾਂ ਦੇਵੀ ਟਰੱਸਟ ਦੇ ਪੁਜਾਰੀ ਕੋਲੋਂ ਵੀ 30 ਲੱਖ ਰੁਪਏ ਅਤੇ ਜਤਿੰਦਰ ਸਿੰਘ ਵਾਸੀ ਪੂਰਨਪੁਰ ਜ਼ਿਲ੍ਹਾ ਪੀਲੀਭੀਤ ਯੂਪੀ ਨੂੰ ਫੋਨ ’ਤੇ ਜਾਨੋ ਮਾਰਨ ਦੀ ਧਮਕੀ ਦੇ ਕੇ 1 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜੋ ਅਕਸਰ ਕੁਰਾਲੀ ਨੇੜੇ ਬਗਲਾਮੁਖੀ ਮੰਦਰ ਆਉਂਦਾ ਰਹਿੰਦਾ ਹੈ। ਜਿਸ ਨੂੰ ਉਸ ਨੇ ਅੱਜ ਆਪਣਾ ਨਿਸ਼ਾਨਾ ਬਣਾਕੇ ਧਮਕਾਉਣਾ ਸੀ। ਮਨੀਸ਼ ਗੌਤਮ ਨੈਣਾਂ ਦੇਵੀ ਟਰੱਸਟ ਦੇ ਪੁਜਾਰੀ ਨੂੰ ਸ਼ਾਮਲ ਤਫ਼ਤੀਸ ਕੀਤਾ ਗਿਆ। ਜਿਸ ਨੇ ਦੱਸਿਆ ਕਿ ਉਹ ਮਾਂ ਬਗਲਾਮੁੱਖੀ ਮਾਤਾ ਦੇ ਮੰਦਰ ਦੇਵ ਭੂਮੀ ਨੇੜੇ ਬਾਈਪਾਸ ਕੁਰਾਲੀ ਦਾ ਸੇਵਾਦਾਰ ਵੀ ਹੈ। ਜੋ ਅਕਸਰ ਹੀ ਇੱਥੇ ਆਉਂਦਾ ਰਹਿੰਦਾ ਹੈ। ਉਸ ਨੂੰ ਕੁੱਝ ਦਿਨ ਪਹਿਲਾਂ ਤੋਂ ਇੱਕ ਅਣਪਛਾਤੇ ਵਿਅਕਤੀ ਨੇ ਪੈਸੇ ਦੀ ਮੰਗ ਕਰਕੇ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਸੀ। ਉਸਨੇ ਡਰਦੇ ਪੁਲੀਸ ਕੋਲ ਕੋਈ ਵੀ ਸ਼ਿਕਾਇਤ ਨਹੀਂ ਕੀਤੀ।
ਇਸੀ ਤਰ੍ਹਾਂ ਜਤਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਕੋਲ 100 ਏਕੜ ਦਾ ਫਾਰਮ ਅਤੇ ਇੱਕ ਪ੍ਰਾਈਵੇਟ ਮਿਲੇਨੀਅਮ ਵਰਲਡ ਸਕੂਲ ਪੀਲੀਭੀਤ ਹੈ। ਉਸ ਤੋਂ ਵੀ 1 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸ ਸਬੰਧੀ ਉਸ ਦੀ ਸ਼ਿਕਾਇਤ ’ਤੇ ਬੀਤੀ 28 ਅਪਰੈਲ 386,506 ਤਹਿਤ ਥਾਣਾ ਪੂਰਨਪੁਰ, ਜ਼ਿਲ੍ਹਾ ਪੀਲੀਭੀਤ ਵਿੱਚ ਕੇਸ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਮੱਖਣ ਸਿੰਘ ਵਿਰੁੱਧ ਪਹਿਲਾਂ ਵੀ ਐਨਡੀਪੀਐਸ, ਲੜਾਈ-ਝਗੜੇ, ਚੋਰੀ, ਲੁੱਟ-ਖੋਹ ਅਤੇ ਡਕੈਤੀ ਦੇ ਵੱਖ-ਵੱਖ ਥਾਣਿਆ ਵਿੱਚ ਕਈ ਪਰਚੇ ਦਰਜ ਹਨ। ਮੁਲਜ਼ਮ ਕੋਲੋਂ .32 ਬੋਰ ਦਾ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਖਰੜ ਵਿੱਚ ਧਾਰਾ 384 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਫਿਰੌਤੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…