
ਪਿੰਡ ਕੰਬਾਲੀ ਵਿੱਚ ਅੱਗ ਲੱਗਣ ਕਾਰਨ 1 ਏਕੜ ਕਣਕ ਦੀ ਫਸਲ ਸੜ ਕੇ ਸੁਆਹ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਪੰਜਾਬ ਵਿੱਚ ਜਿੱਥੇ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ, ਉੱਥੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰਨੀਆਂ ਸ਼ੁਰੂ ਹੋ ਗਈਆਂ ਹਨ। ਇੱਥੋਂ ਦੇ ਨਜ਼ਦੀਕੀ ਪਿੰਡ ਕੰਬਾਲੀ (ਨੇੜੇ ਫੇਜ਼-11) ਵਿੱਚ ਕਿਸਾਨ ਹਰਸ਼ਪ੍ਰੀਤ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਦੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਕਿਸਾਨ ਦੀ ਕਰੀਬ ਇਕ ਏਕੜ ਕਣਕ ਖੜ ਕੇ ਸੁਆਹ ਹੋ ਗਈ।
ਇਲਾਕੇ ਦੇ ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਭੁੱਲਰ, ਸਰਪੰਚ ਪਰਮਜੀਤ ਸਿੰਘ ਪੰਮਾ, ਸ਼ਰਨਜੀਤ ਸਿੰਘ, ਅਮਨਦੀਪ ਸਿੰਘ ਕੰਬਾਲੀ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨ ਵੱਲੋਂ ‘ਸ੍ਰੀਰਾਮ 272’ ਕਣਕ ਦਾ ਬੀਜ ਬੀਜਿਆ ਗਿਆ ਸੀ। ਇਸ ਦਾ ਝਾੜ ਪ੍ਰਤੀ ਏਕੜ 26 ਤੋਂ 28 ਕੁਇੰਟਲ ਨਿਕਲਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਦੇ ਖੇਤਾਂ ’ਚੋਂ ਕੋਈ ਬਿਜਲੀ ਸਪਲਾਈ ਦੀ ਲਾਈਨ ਨਾ ਲੰਘਣ ਕਾਰਨ ਇਹ ਹਾਦਸਾ ਬੀੜੀ ਸਿਗਰਟ ਕਾਰਨ ਲੱਗੀ ਜਾਪਦੀ ਹੈ ਕਿਉਂਕਿ ਖੇਤਾਂ ਦੇ ਬਿਲਕੁਲ ਨੇੜਿਓਂ ਰੇਲਵੇ ਲਾਈਨ ਲੰਘਦੀ ਹੈ। ਕਿਸਾਨਾਂ ਨੇ ਸੰਕਾ ਜਾਹਰ ਕੀਤੀ ਕਿ ਕਿਸੇ ਰੇਲ ਯਾਤਰੀ ਨੇ ਬੀੜੀ ਦਾ ਟੁਕੜਾ ਗੱਡੀ ’ਚੋਂ ਬਾਹਰ ਸੁੱਟ ਦਿੱਤਾ ਹੋਵੇਗਾ। ਜਿਸ ਕਾਰਨ ਖੇਤਾਂ ਵਿੱਚ ਖੜੀ ਫਸਲ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਫਾਇਰ ਬ੍ਰਿਗੇਡ ਅਤੇ ਪੁਲੀਸ ਮੌਕੇ ’ਤੇ ਨਹੀਂ ਪੁੱਜੀ। ਜਿਸ ਕਾਰਨ ਪਿੰਡ ਕੰਬਾਲੀ ਅਤੇ ਧਰਮਗੜ੍ਹ ਦੇ ਲੋਕਾਂ ਨੇ ਹਿੰਮਤ ਕਰਕੇ ਖ਼ੁਦ ਅੱਗ ’ਤੇ ਕਾਬੂ ਪਾਇਆ ਗਿਆ।
ਉਧਰ, ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮੀ ਕਰੀਬ ਸਵਾ ਚਾਰ ਵਜੇ ਕਣਕ ਨੂੰ ਅੱਗ ਲੱਗਣ ਬਾਰੇ ਇਤਲਾਹ ਮਿਲੀ ਸੀ ਅਤੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਇਕ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਸੀ ਅਤੇ ਅੱਗ ’ਤੇ ਕਾਬੂ ਪਾਉਣ ਮਗਰੋਂ ਕਰੀਬ ਘੰਟੇ ਬਾਅਦ ਸਵਾ 5 ਵਜੇ ਵਾਪਸ ਪਰਤੇ ਸੀ।