ਕਾਰਜਕਾਰੀ ਮੇਅਰ ਸੋਮਲ ਵੱਲੋਂ ਮਟੌਰ ਤੇ ਸੈਕਟਰ-71 ਆਰਐਮਸੀ ਪੁਆਇੰਟਾਂ ਦਾ ਦੌਰਾ

ਕੂੜਾ ਚੁੱਕਣ ਤੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਠੇਕੇਦਾਰ ਤੇ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਨਬਜ਼-ਏ-ਪੰਜਾਬ, ਮੁਹਾਲੀ, 11 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਕਾਰਜਕਾਰੀ ਮੇਅਰ ਅਮਰੀਕ ਸਿੰਘ ਸੋਮਲ ਨੇ ਅੱਜ ਮਟੌਰ, ਸੈਕਟਰ-71 ਅਤੇ ਸ਼ਾਹੀਮਾਜਰਾ ਸਥਿਤ ਆਰਐਮਸੀ ਪੁਆਇੰਟਾਂ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਫ਼ਾਈ ਅਤੇ ਕੂੜਾ ਪ੍ਰਬੰਧਨ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੇ ਮੌਕੇ ’ਤੇ ਹੀ ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਸੈਕਟਰ-71 ਦੇ ਸਮਾਜ ਸੇਵੀ ਪਰਦੀਪ ਸੋਨੀ, ਸ਼ਾਹੀਮਾਜਰਾ ਦੇ ਕੌਂਸਲਰ ਜਗਦੀਸ਼ ਸਿੰਘ ਜੱਗਾ, ਪਹਿਲਵਾਨ ਲਖਵੀਰ ਸਿੰਘ ਲੱਖਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਸ੍ਰੀ ਸੋਮਲ ਨੇ ਸਖ਼ਤੀ ਨਾਲ ਆਖਿਆ ਕਿ ਸ਼ਹਿਰ ਦੇ ਸਾਰੇ ਆਰਐਮਸੀ ਪੁਆਇੰਟਾਂ ਵਿੱਚ ਇਕੱਠਾ ਹੋਇਆ ਕੂੜਾ ਚੁੱਕ ਕੇ ਜਗਤਪੁਰਾ ਸਥਿਤ ਕੰਪਰੈਸ਼ਨ ਪਲਾਂਟ ਵਿੱਚ ਸ਼ਿਫ਼ਟ ਕੀਤਾ ਜਾਵੇ ਤਾਂ ਜੋ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਹੋਰ ਬਿਹਤਰ ਬਣ ਸਕਣ। ਇਸ ਦੌਰਾਨ ਸੈਕਟਰ-71 ਦੇ ਆਰਐਮਸੀ ਪੁਆਇੰਟ ਤੋਂ 4 ਟਿੱਪਰ ਕੂੜਾ ਚੁਕਵਾਇਆ ਗਿਆ।
ਕੌਂਸਲਰ ਜਗਦੀਸ਼ ਸਿੰਘ ਜੱਗਾ ਨੇ ਸਥਾਨਕ ਲੋਕਾਂ ਦੀਆਂ ਸਫ਼ਾਈ ਸਬੰਧੀ ਚਿੰਤਾਵਾਂ ਸਾਂਝੀਆਂ ਕੀਤੀਆਂ। ਕਾਰਜਕਾਰੀ ਮੇਅਰ ਨੇ ਕੌਂਸਲਰ ਅਤੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਨਗਰ ਨਿਗਮ ਵੱਲੋਂ ਕੂੜਾ ਪ੍ਰਬੰਧਨ ਅਤੇ ਸਫ਼ਾਈ ਵਿਵਸਥਾ ਨੂੰ ਲੈ ਕੇ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਸੋਮਲ ਨੇ ‘ਏ’ ਅਤੇ ‘ਬੀ’ ਸੜਕਾਂ ਉੱਤੇ ਕੰਮ ਕਰ ਰਹੇ ਸਫ਼ਾਈ ਠੇਕੇਦਾਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਕਿ ਅਗਲੇ 5 ਦਿਨਾਂ ਦੇ ਅੰਦਰ-ਅੰਦਰ ਆਪਣਾ ਕੰਮ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਹਦਾਇਤਾਂ ਅਨੁਸਾਰ ਕੰਮ ਨਾ ਹੋਇਆ ਤਾਂ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸੋਮਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਫ਼ਾਈ ਪ੍ਰਤੀ ਜਾਗਰੂਕ ਰਹਿਣ ਅਤੇ ਨਗਰ ਨਿਗਮ ਨੂੰ ਸਹਿਯੋਗ ਦੇਣ ਤਾਂ ਜੋ ਮੁਹਾਲੀ ਨੂੰ ਸਫ਼ਾਈ ਪੱਖੋਂ ਸੁੰਦਰ ਸ਼ਹਿਰ ਬਣਾਇਆ ਜਾ ਸਕੇ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…