ਮੁਹਾਲੀ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਕਾਰਵਾਈ ਤੇਜ਼

ਵਿਭਾਗ ਦੀ ਵਿਸ਼ੇਸ਼ ਟੀਮ ਨੇ ਚੈਕਿੰਗ ਦੌਰਾਨ ਕਈ ਟਿੱਪਰਾਂ ਦੇ ਕੀਤੇ ਚਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਨਾਜਾਇਜ਼ ਮਾਈਨਿੰਗ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀਆਂ ਵੱਖੋ-ਵੱਖ ਟੀਮਾਂ ਨੇ ਮੁਹਾਲੀ ਅਤੇ ਨੇੜਲੇ ਇਲਾਕਿਆਂ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਅਤੇ ਕਈ ਟਿੱਪਰਾਂ ਦੇ ਚਲਾਨ ਕੀਤੇ ਗਏ।
ਮਾਈਨਿੰਗ ਵਿਭਾਗ ਦੇ ਉਪ ਮੰਡਲ ਅਫ਼ਸਰ ਜੀਵਨਜੋਤ ਸਿੰਘ ਨੇ ਆਪਣੀ ਟੀਮ ਨਾਲ ਮਾਜਰੀ ਬਲਾਕ ਸਮੇਤ ਮੁਹਾਲੀ ਸ਼ਹਿਰ ਵਿੱਚ ਵੱਖ-ਥਾਵਾਂ ’ਤੇ ਅਚਨਚੇਤ ਚੈਕਿੰਗ ਕੀਤੀ ਅਤੇ ਰੇਤੇ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਅਤੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ। ਇਸ ਦੌਰਾਨ ਮਾਈਨਿੰਗ ਟੀਮ ਮੁਹਾਲੀ ਵੱਲੋਂ ਤਿੰਨ ਟਿੱਪਰਾਂ ਦੇ ਮਾਈਨਿੰਗ ਮਿਨਰਲ ਨਾਲ ਸਬੰਧਤ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਚਲਾਨ ਕੀਤੇ ਗਏ।
ਇੰਜ ਹੀ ਉਪ ਮੰਡਲ ਅਫ਼ਸਰ (ਮਾਈਨਿੰਗ) ਲਖਵੀਰ ਸਿੰਘ ਵੱਲੋਂ ਆਪਣੀ ਟੀਮ ਨਾਲ ਪੀਆਰ 7 ਰੋਡ ਜ਼ੀਰਕਪੁਰ ਅਤੇ ਮੁਬਾਰਕਪੁਰ ਦੇ ਵਿੱਚ ਰੇਤਾ, ਮਿੱਟੀ ਅਤੇ ਬਜਰੀ ਦੀ ਢੋਅ-ਢੁਆਈ ਕਰਨ ਵਾਲੇ ਵੱਡੀ ਗਿਣਤੀ ਵਿੱਚ ਵਾਹਨਾਂ ਦੇ ਮਾਈਨਿੰਗ ਨਾਲ ਸਬੰਧਤ ਪਰਮਿਟ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਟਿੱਪਰ ਪੀਬੀ-65-ਪੀ-7346 ਅਤੇ ਐਚਆਰ-68-ਬੀ-8700 ਦਾ ਪੰਜਾਬ ਮਾਈਨਰ ਮਿਨਰਲ ਰੂਲਜ਼ 2013 ਦੇ ਰੂਲ ਨੰਬਰ-74 ਅਤੇ 75 ਤਹਿਤ ਚਲਾਨ ਕੀਤੇ ਗਏ ਅਤੇ ਵਾਹਨ ਜ਼ਬਤ ਕੀਤੇ ਗਏ।
ਲਖਵੀਰ ਸਿੰਘ ਨੇ ਆਪਣੇ ਕਾਰਜ ਖੇਤਰ ਵਿੱਚ ਚਲ ਰਹੇ ਵੱਖ-ਵੱਖ ਉਸਾਰੀ ਅਧੀਨ ਪ੍ਰਾਜੈਕਟਾਂ ਲਈ ਮਿੱਟੀ ਦੀ ਪੁਟਾਈ ਸਬੰਧੀ ਜਾਰੀ ਹੋਣ ਵਾਲੇ ਕੇ-2, ਕੇ-1, ਪਰਮਿਟਾਂ ਦੀ ਵੀ ਚੈਕਿੰਗ ਕੀਤੀ। ਅਧਿਕਾਰੀ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੀਆਂ ਟੀਮਾਂ ਵੱਲੋਂ ਆਉਣ ਸਮੇਂ ਵਿੱਚ ਵੀ ਅਚਨਚੇਤ ਛਾਪੇਮਾਰੀ ਕੀਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਗੈਰਕਾਨੂੰਨੀ ਮਾਈਨਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬਲਾਕ ਮਾਜਰੀ ਅਤੇ ਡੇਰਾਬੱਸੀ ਹਲਕੇ ਵਿੱਚ ਸਭ ਤੋਂ ਵੱਧ ਸ਼ਿਕਾਇਤਾਂ ਮਿਲ ਰਹੀਆਂ ਹਨ।
ਜ਼ਿਲ੍ਹਾ ਮਾਈਨਿੰਗ ਅਫ਼ਸਰ ਰਜਿੰਦਰ ਘਈ ਵੱਲੋਂ ਵਿਭਾਗੀ ਟੀਮਾਂ ਨੂੰ ਅਚਨਚੇਤ ਛਾਪੇਮਾਰੀ ਕਰਕੇ ਅਤੇ ਨਾਕੇ ਲਗਾ ਕੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਰੂਲਾਂ ਮੁਤਾਬਕ ਕਾਰਵਾਈ ਕਰਨ ਲਈ ਸਖ਼ਤ ਹਦਾਇਤਾਂ ਕੀਤੀਆਂ ਗਈਆ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਗਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਚੈਕਿੰਗ ਮੁਹਿੰਮ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Punjab Police Arrests Four Operatives Of Landa Module After Brief Encounter; Two Grenades, Two Pistols Recovered

Punjab Police Arrests Four Operatives Of Landa Module After Brief Encounter; Two Grenades,…